ਚੰਡੀਗੜ੍ਹ:ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਆਉਣ ਵਾਲੀ ਫਿਲਮ 'ਸ਼ਾਯਰ' ਦੇ ਟ੍ਰੇਲਰ ਨੇ ਇੱਕ ਵਾਰ ਫਿਰ ਰੁਮਾਂਸ ਨੂੰ ਜ਼ਿੰਦਾ ਕੀਤਾ ਹੈ। ਉਨ੍ਹਾਂ ਦੀ 2023 ਦੀ ਹਿੱਟ ਫਿਲਮ 'ਕਲੀ ਜੋਟਾ' ਤੋਂ ਬਾਅਦ 19 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫਿਲਮ 'ਸ਼ਾਯਰ' ਇਸ ਸਮੇਂ ਕਾਫੀ ਚਰਚਾ ਬਟੋਰ ਰਹੀ ਹੈ।
ਹੁਣ ਨਿਰਮਾਤਾਵਾਂ ਨੇ ਫਿਲਮ ਦਾ ਇੱਕ ਬਹੁਤ ਹੀ ਖੂਬਸੂਰਤ ਟ੍ਰੇਲਰ ਰਿਲੀਜ਼ ਕੀਤਾ ਹੈ, ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ, ਇਸ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਗਾਇਕ ਸਤਿੰਦਰ ਸਰਤਾਜ ਦੇ ਸ਼ਾਇਰ ਬਣਨ ਤੋਂ ਸ਼ੁਰੂ ਹੁੰਦੀ ਹੈ, ਟ੍ਰੇਲਰ ਵਿੱਚ ਨੀਰੂ ਬਾਜਵਾ ਅਤੇ ਗਾਇਕ ਸਰਤਾਜ ਦੀ ਕੈਮਿਸਟਰੀ ਜ਼ਬਰਦਸਤ ਹੈ। ਟ੍ਰੇਲਰ ਨੂੰ ਰਿਲੀਜ਼ ਹੁੰਦੇ ਹੀ ਕਾਫੀ ਚੰਗੇ ਵਿਊਜ਼ ਮਿਲ ਰਹੇ ਹਨ। ਟ੍ਰੇਲਰ ਵਿੱਚ ਸ਼ਾਮਿਲ ਡਾਇਲਾਗ, ਸੰਗੀਤ ਪ੍ਰਸ਼ੰਸਕਾਂ ਨੂੰ ਸਭ ਤੋਂ ਜਿਆਦਾ ਖਿੱਚ ਰਿਹਾ ਹੈ।
'ਨੀਰੂ ਬਾਜਵਾ ਇੰਟਰਟੇਨਮੈਂਟ' ਦੇ ਬੈਨਰ ਹੇਠ ਤਿਆਰ ਕੀਤੀ ਉਕਤ ਫਿਲਮ ਦਾ ਨਿਰਦੇਸ਼ਨ 'ਚੱਲ ਜਿੰਦੀਏ' ਦੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਅਤੇ ਲੇਖਨ ਜਗਦੀਪ ਵੜਿੰਗ ਨੇ ਕੀਤਾ ਹੈ, ਜਦਕਿ ਇਸ ਦਾ ਸਿਨੇਮਾਟੋਗ੍ਰਾਫ਼ਰੀ ਨੂੰ ਸੰਦੀਪ ਪਾਟਿਲ ਦੁਆਰਾ ਸੰਭਾਲਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਗਈ ਇਸ ਫਿਲਮ ਵਿੱਚ ਗਾਇਕ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਆਉਣਗੇ।
ਦੂਜੇ ਪਾਸੇ 'ਸ਼ਾਯਰ' ਦੀ ਕਾਸਟ ਬਾਰੇ ਚਰਚਾ ਕਰੀਏ ਤਾਂ ਇਸ ਸ਼ਾਨਦਾਰ ਫਿਲਮ ਵਿੱਚ ਅਦਾਕਾਰ-ਗਾਇਕ ਸਤਿੰਦਰ ਸਰਤਾਜ ਅਤੇ ਸੁੰਦਰ ਅਦਾਕਾਰਾ ਨੀਰੂ ਬਾਜਵਾ ਮੁੱਖ ਕਿਰਦਾਰ ਨਿਭਾ ਰਹੇ ਹਨ। ਇਸ ਸ਼ਾਨਦਾਰ ਅਤੇ ਪ੍ਰਮੁੱਖ ਜੋੜੀ ਤੋਂ ਇਲਾਵਾ ਫਿਲਮ ਵਿੱਚ ਅਦਾਕਾਰ ਯੋਗਰਾਜ ਸਿੰਘ, ਅਦਾਕਾਰ ਕੇਵਲ ਧਾਲੀਵਾਲ, ਬੰਟੀ ਬੈਂਸ, ਗਾਇਕ-ਲੇਖਕ ਦੇਬੀ ਮਖਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਿਲ ਹਨ।
ਪਿਛਲੇ ਸਾਲ ਸਾਹਮਣੇ ਆਈ ਅਤੇ ਹਿੱਟ ਰਹੀ ਫਿਲਮ 'ਕਲੀ ਜੋਟਾ' ਨਾਲ ਸਿਨੇਮਾ ਜਗਤ ਵਿੱਚ ਛਾਅ ਜਾਣ ਵਾਲੀ ਜੋੜੀ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਇਹ ਲਗਾਤਾਰ ਦੂਜੀ ਪੰਜਾਬੀ ਫਿਲਮ ਹੈ, ਜਿੰਨ੍ਹਾਂ ਨੂੰ ਇੱਕ ਵਾਰ ਫਿਰ ਇਕੱਠਿਆਂ ਵੇਖਣ ਨੂੰ ਲੈ ਕੇ ਫੈਨਜ਼ ਵਿੱਚ ਵੀ ਬੇਹੱਦ ਉਤਸੁਕਤਾ ਅਤੇ ਖਿੱਚ ਦੇਖੀ ਜਾ ਸਕਦੀ ਹੈ।