ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਸਵਰਗਵਾਸੀ ਕਾਰੋਬਾਰੀ ਪੱਪੂ ਜੈਤੀਪੁਰੀਆ ਦੇ ਘਰ ਜੈਂਤੀਪੁਰ ਵਿਖੇ ਰਾਤ ਦੇ ਸਮੇਂ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗਰਨੇਡ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੈਪੀ ਪਾਸ਼ੀਆਂ ਨਾਮ ਦੇ ਬਦਨਾਮ ਗੈਂਗਸਟਰ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ। ਇਸੇ ਮਾਮਲੇ 'ਚ ਹੀ ਅੰਮ੍ਰਿਤਸਰ ਦੇ ਇੱਕ ਕਾਰੋਬਾਰੀ ਰਿੱਕੀ ਭੱਲਾ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਜੈਂਤੀਪੁਰ ਵਿਖੇ ਹੋਏ ਗ੍ਰਨੇਡ ਹਮਲੇ ਦੀ ਨਿੰਦਾ ਕਰਦੇ ਹੋਏ ਪੁਲਿਸ ਨੂੰ ਕੁਝ ਸੰਕੇਤ ਦਿੱਤੇ ਸਨ ਅਤੇ ਉਸ ਦੇ ਵਿੱਚ ਰਿੱਕੀ ਭੱਲਾ ਵੱਲੋਂ ਇੱਕ ਨਾਮੀ ਸ਼ਰਾਬ ਕਾਰੋਬਾਰੀ ਰਣਦੀਪ ਸਿੰਘ ਉਰਫ ਰਿੰਪਲ ਦਾ ਵੀ ਨਾਮ ਲਿਆ ਗਿਆ ਸੀ।
'ਪੱਪੂ ਜੈਂਤੀਪੁਰੀਆ ਦੇ ਘਰ ਹੋਇਆ ਸੀ ਹਮਲਾ'
ਪ੍ਰੈੱਸ ਕਾਨਫਰੰਸ ਕਰਦਿਆਂ ਕਾਰੋਬਾਰੀ ਰਿੱਕੀ ਭੱਲਾ ਨੇ ਕਿਹਾ ਕਿ ਜੋ ਜੈਂਤੀਪੁਰ ਦੇ ਵਿੱਚ ਪੱਪੂ ਜੈਂਤੀਪੁਰੀਆ ਦੇ ਘਰ ਗ੍ਰਨੇਡ ਹਮਲਾ ਹੋਇਆ, ਇਸ ਦਾ ਮੈਂ ਦੁੱਖ ਜ਼ਾਹਿਰ ਕਰਦਾ ਹਾਂ, ਉਨ੍ਹਾਂ ਦੱਸਿਆ ਕਿ ਇਹ ਜੋ ਪੋਸਟ ਪਾਈ ਸੀ ਇਹ ਕੁਝ ਗੈਂਗਸਟਰ ਹਨ, ਜੋ ਲੋਕਾਂ ਨੂੰ ਫੋਨ ਕਰਕੇ ਫਿਰੋਤੀਆਂ ਮੰਗਦੇ ਹਨ ਅਤੇ 2017 ਵਿੱਚ ਸ਼ਰਾਬ ਕਾਰੋਬਾਰੀ ਰਣਦੀਪ ਸਿੰਘ ਉਰਫ ਰਿੰਪਲ ਨੇ ਉਹਨਾਂ ਗੈਂਗਸਟਰਾਂ ਦਾ ਸਾਥ ਦਿੱਤਾ ਸੀ। ਜਿਸ ਨੂੰ 2017 ਦੇ ਵਿੱਚ ਉਸ ਸਮੇਂ ਦੇ ATS ਇੰਸਪੈਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਗ੍ਰਿਫਤਾਰ ਵੀ ਕੀਤਾ ਸੀ। ਜਿਸ ਦੀ ਮੈਂ ਪੋਸਟ ਸਾਂਝੀ ਕੀਤੀ ਅਤੇ ਪੁਲਿਸ ਨੂੰ ਸੰਕੇਤ ਦਿੱਤਾ ਕੀ ਹੋ ਸਕਦਾ ਹੈ ਕਿ ਇਸ ਗ੍ਰਨੇਡ ਹਮਲੇ ਵਿੱਚ ਵੀ ਰਣਦੀਪ ਸਿੰਘ ਉਰਫ ਰਿੰਪਲ ਦਾ ਹੱਥ ਹੋ ਸਕਦਾ ਹੈ ,ਪੁਲਿਸ ਉਸ ਦੀ ਚੰਗੀ ਤਰੀਕੇ ਜਾਂਚ ਕਰੇ।
'ਲਗਾਤਾਰ ਹੀ ਆ ਰਹੇ ਹਨ ਧਮਕੀਆਂ ਭਰੇ ਫੋਨ'
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਲਗਾਤਾਰ ਹੀ ਉਸ ਨੂੰ ਪੋਸਟ ਸਾਂਝੀ ਕਰਨ ਤੋਂ ਬਾਅਦ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਇਹ ਪੋਸਟ ਡਿਲੀਟ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਜਿਸ ਦੀ ਉਹਨਾਂ ਵੱਲੋਂ ਅੰਮ੍ਰਿਤਸਰ ਥਾਣਾ ਸਦਰ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਅਤੇ ਥਾਣਾ ਸਦਰ ਪੁਲਿਸ ਦੇ ਮੁਖੀ ਦਾ ਇਹ ਕਹਿਣਾ ਹੈ ਕਿ ਜੇਕਰ ਤੁਹਾਨੂੰ ਕਿਸੇ ਨੰਬਰ ਤੋਂ ਧਮਕੀ ਭਰਿਆ ਫੋਨ ਆਉਂਦਾ ਹੈ ਤਾਂ ਤੁਸੀਂ ਉਸ ਨੰਬਰ ਨੂੰ ਬਲੋਕ ਕਰ ਦਿਓ, ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਕਹਿਣ ਉੱਤੇ ਮੈਂ ਪੰਜ ਤੋਂ ਸੱਤ ਨੰਬਰ ਬਲੋਕ ਵੀ ਕੀਤੇ ਹਨ ਪਰ ਹੁਣ ਤੱਕ ਮੈਨੂੰ ਵੱਖ-ਵੱਖ ਨੰਬਰਾਂ ਤੋਂ 100 ਤੋਂ ਵੱਧ ਫੋਨ ਆ ਚੁੱਕੇ ਹਨ ਅਤੇ ਉਹ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ ਅਤੇ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਲਵਲੀ ਸ਼ਰਮਾ ਨੇ ਦੱਸਿਆ ਕਿ ਜੋ ਕਾਰੋਬਾਰੀ ਰਿੱਕੀ ਭੱਲਾ ਨੂੰ ਧਮਕੀਆਂ ਆ ਰਹੀਆਂ ਹਨ, ਇਸੇ ਮਾਮਲੇ ਵਿੱਚ ਉਹ ਲੀਗਲ ਕਾਰਵਾਈ ਕਰਨਗੇ। ਜੇਕਰ ਪੁਲਿਸ ਪਾਸੋਂ ਉਹਨਾਂ ਨੂੰ ਕਿਸੇ ਤਰੀਕੇ ਦਾ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਅਦਾਲਤ ਤੋਂ ਰਿੱਕੀ ਭੱਲਾ ਨੂੰ ਇਨਸਾਫ ਜ਼ਰੂਰ ਦਿਵਾਉਣਗੇ। ਉਹਨਾਂ ਕਿਹਾ ਕਿ ਰਿੱਕੀ ਭੱਲਾ ਵੱਲੋਂ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕਰਕੇ ਆਪਣੇ ਵਿਚਾਰ ਦੱਸੇ ਗਏ ਅਤੇ ਸੰਵਿਧਾਨ ਦੇ ਵਿੱਚ ਆਰਟੀਕਲ 19 ਸਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਵਿਚਾਰ ਰੱਖ ਸਕਦਾ ਹੈ।
'ਕਿਸੇ ਵੀ ਕਾਰੋਬਾਰੀ ਨੂੰ ਘਬਰਾਉਣ ਦੀ ਲੋੜ ਨਹੀਂ'
ਜਦੋਂ ਇਸ ਸਬੰਧੀ ਅੰਮ੍ਰਿਤਸਰ ਥਾਣਾ ਸਦਰ ਪੁਲਿਸ ਸਟੇਸ਼ਨ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਏਡੀਜੀ ਪੰਜਾਬ ਕਾਨੂੰਨ ਵਿਵਸਥਾ ਐਸ. ਐਸ ਪਰਮਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਾਰੋਬਾਰੀ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਪੰਜਾਬ ਪੁਲਿਸ ਅਜਿਹੇ ਹਾਲਾਤਾਂ ਨੂੰ ਸਹੀ ਢੰਗ ਨਾਲ ਸਾਂਭਣ ਲਈ ਵਚਨਬੰਦ ਹੈ। ਜੇਕਰ ਹੋਰ ਵੀ ਕਿਸੇ ਕਾਰੋਬਾਰੀ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਤਾਂ ਉਹ ਪੁਲਿਸ ਬਿਨ੍ਹਾਂ ਡਰ ਅਤੇ ਖੌਫ ਦੇ ਉਨ੍ਹਾਂ ਕੋਲ ਆਪਣੀ ਦਰਖਾਸਤ ਦੇਵੇ।