ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਪਾਕਿਸਤਾਨ ਤੋਂ ਭਾਰਤ ਵਿੱਚ ਵੱਡੀਆਂ ਨਸ਼ੇ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ, ਉੱਥੇ ਹੀ ਹੁਣ ਦੂਜੇ ਪਾਸੇ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਕਰਦੇ ਹੋਏ ਭਾਰਤ ਵਿੱਚ ਹਥਿਆਰ ਵੀ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਹਾਲਾਂਕਿ ਪੁਲਿਸ ਅਤੇ ਬੀਐਸਐਫ ਵੱਲੋਂ ਚੌਕਸੀ ਦਿਖਾਉਂਦੇ ਹੋਏ ਸਮੇਂ ਸਮੇਂ 'ਤੇ ਪਾਕਿਸਤਾਨ ਦੀਆਂ ਇਹਨਾਂ ਨਪਾਕ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ,ਜਿੱਥੇ ਸੀਆਈਏ ਦਿਹਾਤੀ ਅੰਮ੍ਰਿਤਸਰ ਵੱਲੋਂ ਇੱਕ ਨੌਜਵਾਨ ਨੂੰ ਚਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ।
ਚਾਰ PS-5 STORM 30 ਬੋਰ ਪਿਸਤੋਲ ਅਤੇ ਚਾਰ ਮੈਗਜ਼ੀਨ ਬਰਾਮਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਪੁਲਿਸ ਵੱਲੋਂ ਬਿਕਰਮ ਸਿੰਘ ਨਾਮ ਦੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਮੁਲਜ਼ਮ ਚਾਰ ਮਹੀਨੇ ਪਹਿਲਾਂ ਹੀ ਦੁਬਈ ਤੋਂ ਭਾਰਤ ਆਇਆ ਸੀ ਅਤੇ ਬਿਕਰਮ ਨੇ ਦੁਬਈ ਵਿੱਚ ਹੀ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਬਣਾਏ । ਇਸ ਨੇ ਭਾਰਤ ਆਉਣ ਤੋਂ ਬਾਅਦ ਪਾਕਿਸਤਾਨ ਤੋਂ ਚਾਰ PS-5 STORM, 30 ਬੋਰ ਪਿਸਤੋਲ ਅਤੇ ਚਾਰ ਮੈਗਜ਼ੀਨ ਮੰਗਵਾਏ ਸਨ ਅਤੇ ਜਦੋਂ ਇਹ ਹਥਿਆਰਾਂ ਦੀ ਖੇਪ ਲੈ ਕੇ ਤਰਨ ਤਾਰਨ ਜਾ ਰਿਹਾ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਦਿਹਾਤੀ ਦੇ ਸੀਆਈਏ ਸਟਾਫ ਵੱਲੋਂ ਨਾਕੇਬੰਦੀ ਕਰਕੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ।
ਹਥਿਆਰਾਂ ਦੀ ਸਪਲਾਈ
ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੇ ਹਥਿਆਰਾਂ ਦੀ ਸਪਲਾਈ ਅੱਗੇ ਕਿਸ ਜਗ੍ਹਾ 'ਤੇ ਦੇਣੀ ਸੀ । ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੁਬਈ ਵਿੱਚ ਵੀ ਇਸ ਨੌਜਵਾਨ ਦੇ ਕਿਸ ਕਿਸ ਸਮਗਲਰ ਨਾਲ ਲਿੰਕ ਬਣੇ ਉਸ ਬਾਰੇ ਵੀ ਇਸਦੇ ਫੋਨ ਵਿੱਚੋਂ ਡਿਟੇਲ ਕੱਢੀਆਂ ਜਾ ਰਹੀਆਂ ਹਨ । ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।