ਬਠਿੰਡਾ: ਪਿੰਡਾਂ ਵਿੱਚ ਵੱਧ ਰਹੇ ਰੀਤੀ-ਰਿਵਾਜਾਂ ਅਤੇ ਫਾਲਤੂ ਖ਼ਰਚਿਆਂ ਨੂੰ ਰੋਕਣ ਲਈ ਹੁਣ ਨਵੀਆਂ ਬਣੀਆਂ ਪੰਚਾਇਤਾਂ ਵੱਲੋਂ ਪੰਚਾਇਤੀ ਮਤੇ ਪਾ ਕੇ ਫਿਜ਼ੂਲ ਖ਼ਰਚੀ ਬੰਦ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਅਧੀਨ ਪਿੰਡ ਡਿੱਖ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਵੱਲੋਂ ਇਨੀਂ ਦਿਨੀ ਕਈ ਅਹਿਮ ਫੈਸਲੇ ਲਏ ਗਏ ਹਨ ਅਤੇ ਮਤਾ ਪਾਸ ਕੀਤਾ ਗਿਆ ਹੈ। ਇਨ੍ਹਾਂ ਪਾਸ ਕੀਤੇ ਮਤਿਆਂ ਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ। ਪਿੰਡ ਦੇ ਗੁਰਦੀਪ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਗਿਆ ਹੈ।
ਸਰਬ ਸੰਮਤੀ ਪੰਚਾਇਤ ਦੇ ਅਹਿਮ ਫੈਸਲੇ- ਜਲੇਬੀ ਅਤੇ ਪਕੌੜੇ ਨਹੀਂ ਬਣਨਗੇ
ਪਿੰਡ ਦੀ ਸਮੁੱਚੀ ਪੰਚਾਇਤ ਹੀ ਸਰਬ ਸੰਮਤੀ ਨਾਲ ਬਣਾਈ ਗਈ ਹੈ। ਈਟੀਵੀ ਭਾਰਤ ਨਾਲ ਗੁਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਉਨ੍ਹਾਂ ਦੀ ਪੰਚਾਇਤ ਵੱਲੋਂ ਪਿਛਲੇ ਦਿਨੀਂ ਇਜਲਾਸ ਸੱਦਿਆ ਗਿਆ ਸੀ ਅਤੇ ਇਸ ਇਜਲਾਸ ਦੌਰਾਨ ਕੁਝ ਵਿਸ਼ੇਸ਼ ਮਤੇ ਪਿੰਡਾਂ ਵਿੱਚ ਹੋ ਰਹੇ ਫਾਲਤੂ ਖ਼ਰਚਿਆਂ ਨੂੰ ਰੋਕਣ ਸਬੰਧੀ ਪਾਸ ਕੀਤੇ ਗਏ, ਇਨ੍ਹਾਂ ਪਾਸ ਕੀਤੇ ਗਏ ਮਤਿਆਂ ਨੂੰ ਪਿੰਡ ਵੱਲੋਂ ਸਰਬ ਸੰਮਤੀ ਨਾਲ ਪ੍ਰਮਾਣਿਤ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਪਿੰਡ ਵਿੱਚ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਵਿਅਕਤੀ ਦੇ ਭੋਗ ਉੱਤੇ ਜਲੇਬੀ ਅਤੇ ਪਕੌੜੇ ਨਹੀਂ ਬਣਾਏ ਜਾਣਗੇ ਸਾਦਾ ਭੋਗ ਪਾਇਆ ਜਾਵੇਗਾ, ਜੇਕਰ ਕੋਈ ਵਿਅਕਤੀ ਪੰਚਾਇਤ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ, ਤਾਂ ਉਸ ਨੂੰ 21 ਹਜ਼ਾਰ ਰੁਪਏ ਪੰਚਾਇਤ ਨੂੰ ਜਮਾਂ ਕਰਵਾਉਣਾ ਪਵੇਗਾ।
ਨਸ਼ਾ ਵੇਚਣ ਨੂੰ ਲੈ ਕੇ ਸਖ਼ਤ ਮਤਾ ਪਾਸ
ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚਲੀਆਂ ਦੁਕਾਨਾਂ ਉੱਤੇ ਸਟਿੰਗ ਐਨਰਜੀ ਡਰਿੰਕ ਵੇਚਣ ਉੱਤੇ ਰੋਕ ਲਗਾਈ ਗਈ ਹੈ। ਪਿੰਡ ਦੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਅਤੇ ਸਿਗਰਟ ਨਾ ਵੇਚਿਆ ਜਾਵੇ।
ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਫੜ੍ਹਿਆ ਜਾਂਦਾ ਹੈ, ਤਾਂ ਉਸ ਖਿਲਾਫ ਪੰਚਾਇਤ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪਿੰਡ ਦੀ ਪੰਚਾਇਤ ਅਤੇ ਨੰਬਰਦਾਰ ਉਸ ਵਿਅਕਤੀ ਦੀ ਜ਼ਮਾਨਤ ਤੱਕ ਨਹੀਂ ਦੇਣਗੇ। ਪਿੰਡ ਵਿੱਚ ਵਧਾਈ ਲੈਣ ਆਏ ਮਹੰਤਾ ਨੂੰ ਸਿਰਫ਼ 1100 ਰੁਪਏ ਹੀ ਸ਼ਗਨ ਦੇ ਤੌਰ ਉੱਤੇ ਦਿੱਤਾ ਜਾਵੇਗਾ ਐਸੀ ਅਤੇ ਬੀਸੀ ਭਾਈਚਾਰਾ 500 ਰੁਪਏ ਹੀ ਮਹੰਤਾਂ ਨੂੰ ਵਧਾਈ ਦੇਵੇਗਾ। ਪਿੰਡ ਵਿੱਚ ਸਪੀਕਰ ਲਗਾ ਕੇ ਹੋਕਾ ਦੇਣ ਉੱਤੇ ਰੋਕ ਲਗਾਈ ਗਈ ਹੈ।
ਮੈਰਿਟ ਆਉਣ ਵਾਲੇ ਵਿਦਿਆਰਥੀਆਂ ਲਈ ਇਨਾਮ ਦਾ ਐਲਾਨ
ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਹੋਰ ਅਜਿਹੇ ਕਈ ਫੈਸਲੇ ਲਏ ਗਏ ਹਨ ਜਿਸ ਨਾਲ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਵਧੇਗਾ। ਉਨ੍ਹਾਂ ਕਿਹਾ ਕਿ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਵੱਲੋਂ ਪਿੰਡ ਵਿੱਚ ਲਾਇਬ੍ਰੇਰੀ ਬਣਾਈ ਜਾ ਰਹੀ ਹੈ।
ਇਸ ਤੋਂ ਇਲਾਵਾ, ਜੇਕਰ ਕੋਈ ਬੱਚਾ ਫਸਟ ਡਿਵੀਜ਼ਨ ਵਿੱਚ ਪਾਸ ਹੁੰਦਾ ਹੈ, ਤਾਂ ਪੰਚਾਇਤ ਵੱਲੋਂ ਬਕਾਇਦਾ, ਉਸ ਦਾ ਸਨਮਾਨ ਕੀਤਾ ਜਾਵੇਗਾ ਅਤੇ ਜਿਹੜਾ ਵੀ ਬੱਚਾ ਅਗਲੇਰੀ ਪੜ੍ਹਾਈ ਕਰਨ ਲਈ ਪਿੰਡ ਤੋਂ ਬਾਹਰ ਜਾਣਾ ਚਾਹੁੰਦਾ ਹੈ, ਤਾਂ ਉਸ ਦੀ ਹਰ ਸੰਭਵ ਸਹਾਇਤਾ ਪੰਚਾਇਤ ਵੱਲੋਂ ਕੀਤੀ ਜਾਵੇਗੀ।
ਪੰਚਾਇਤ ਬਣਨ ਤੋਂ ਬਾਅਦ ਥਾਣੇ ਨਹੀਂ ਪਹੁੰਚਿਆਂ ਕੋਈ ਮਾਮਲਾ
ਪਿੰਡ ਦੇ ਲੋਕਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤਿਆਂ ਨਾਲ ਪਿੰਡ ਸਹਿਮਤ ਹੈ ਅਤੇ ਫਿਜ਼ੂਲ ਖ਼ਰਚੀ 'ਤੇ ਕੰਟਰੋਲ ਕਰਨ ਲਈ ਇਹ ਪੰਚਾਇਤ ਵੱਲੋਂ ਚੁੱਕਿਆ ਗਿਆ। ਇੱਕ ਵਧੀਆ ਕਦਮ ਹੈ ਇਸ ਲਈ ਸਮੁੱਚਾ ਪਿੰਡ ਪੰਚਾਇਤ ਨਾਲ ਖੜਾ ਹੈ ਅਤੇ ਪਿੰਡ ਵਿੱਚ ਹੋਣ ਵਾਲੇ ਲੜਾਈ ਝਗੜਿਆਂ ਨੂੰ ਪੰਚਾਇਤ ਰਾਹੀਂ ਹੀ ਸੁਲਝਾਉਣ ਦੀ ਰਿਵਾਇਤ ਅਪਣਾਈ ਜਾ ਰਹੀ ਹੈ।
ਉੱਥੇ ਹੀ, ਗੁਰਦੀਪ ਸਿੰਘ ਨੇ ਦੱਸਿਆ ਕਿ ਕਰੀਬ 3 ਮਹੀਨਿਆਂ ਪਹਿਲਾਂ ਸਰਬ ਸੰਮਤੀ ਨਾਲ ਬਣੀ ਪਿੰਡ ਪੰਚਾਇਤ ਵੱਲੋਂ ਹਾਲੇ ਤੱਕ ਕੋਈ ਵੀ ਮਸਲਾ ਥਾਣੇ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਮਰਗਤ ਘਰ ਵਾਲੇ ਘਰ ਕਿਸੇ ਵੱਲੋਂ ਜਲੇਬੀਆਂ ਜਾਂ ਪਕੌੜੇ ਬਣਾਏ ਗਏ ਹਨ। ਸਮੁੱਚਾ ਪਿੰਡ ਪੰਚਾਇਤ ਦੇ ਪਾਸ ਕੀਤੇ ਮਤਿਆਂ ਉੱਤੇ ਪਹਿਰੇਦਾਰੀ ਕਰ ਰਿਹਾ ਹੈ। ਇਸ ਨਾਲ ਭਾਈਚਾਰਕ ਸਾਂਝ ਹੋਰ ਵੀ ਮਜਬੂਤ ਹੋ ਰਹੀ ਹੈ।