ਚੰਡੀਗੜ੍ਹ: ਪੰਜਾਬ ਦੇ ਸਿਰਮੌਰ ਗਾਇਕ ਵਜੋਂ ਅੱਜ ਸਾਲਾਂ ਬਾਅਦ ਵੀ ਜਾਣੇ ਜਾਣ ਦਾ ਮਾਣ ਹਾਸਿਲ ਕਰ ਰਹੇ ਹਨ ਹਰਦੇਵ ਮਾਹੀਨੰਗਲ, ਜੋ ਲੰਮੇਂ ਸਮੇਂ ਦੇ ਕੈਨੈਡਾ ਪ੍ਰਵਾਸ ਬਾਅਦ ਅੱਜਕੱਲ੍ਹ ਗਾਇਕੀ ਸਫਾਂ ਵਿੱਚ ਮੁੜ ਅਪਣੀ ਸਰਗਰਮੀ ਵਧਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀਆਂ ਅਪਣੀ ਕਰਮਭੂਮੀ ਵਿੱਚ ਮੁੜ ਸੁਰਜੀਤ ਹੁੰਦੀਆਂ ਜਾ ਰਹੀਆਂ ਇੰਨਾਂ ਪੈੜਾਂ ਦਾ ਹੀ ਮੁੜ ਇਜ਼ਹਾਰ ਕਰਵਾਉਣ ਜਾ ਰਿਹਾ ਉਨ੍ਹਾਂ ਦਾ ਨਵਾਂ ਗਾਣਾ 'ਲਾਲ ਚੂੜਾ', ਜਿਸ ਨੂੰ ਉਨ੍ਹਾਂ ਦੁਆਰਾ ਕੱਲ੍ਹ ਅਪਣੇ ਸੰਗੀਤਕ ਚੈਨਲ ਉੱਪਰ ਜਾਰੀ ਕੀਤਾ ਜਾ ਰਿਹਾ ਹੈ।
ਹਰਦੇਵ ਮਾਹੀਨੰਗਲ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਅਤੇ ਖੁਦ ਦੀ ਹੀ ਕੰਪੋਜੀਸ਼ਨ ਨਾਲ ਸੰਵਾਰੇ ਕੀਤੇ ਗਏ ਇਸ ਗਾਣੇ ਦਾ ਸੰਗੀਤ ਸੰਗੀਤਕਾਰ ਟੋਨੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਲਈ ਕਈ ਹਿੱਟ ਰਹੇ ਗਾਣਿਆ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਮੋਹ ਭਰੇ ਰਿਸ਼ਤਿਆਂ ਵਿਚਲੀ ਟੁੱਟ ਭੱਜ ਦਾ ਅਹਿਸਾਸ ਕਰਵਾਉਂਦੇ ਉਕਤ ਭਾਵਪੂਰਨ ਗੀਤ ਦੇ ਬੋਲ ਸੇਵਕ ਬਰਾੜ ਨੇ ਰਚੇ ਹਨ, ਜਿੰਨ੍ਹਾਂ ਅਨੁਸਾਰ ਭਾਵਨਾਤਮਕਤਾ ਭਰੇ ਰੰਗਾਂ ਵਿੱਚ ਰੰਗੇ ਗਏ ਇਸ ਗਾਣੇ ਨੂੰ ਹਰਦੇਵ ਮਾਹੀਨੰਗਲ ਦੁਆਰਾ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦਾ ਦੋ ਦਹਾਕਿਆਂ ਪੁਰਾਣਾ ਗਾਇਕੀ ਅੰਦਾਜ਼ ਫਿਰ ਵੇਖਣ ਅਤੇ ਸੁਣਨ ਨੂੰ ਮਿਲੇਗਾ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕੁਝ ਗਾਣਿਆਂ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਗਾਇਕ, ਜੋ ਅਪਣੇ ਰਿਲੀਜ਼ ਹੋਣ ਜਾ ਰਹੇ ਨਵੇਂ ਗਾਣੇ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: