ਚੰਡੀਗੜ੍ਹ:ਪੰਜਾਬੀ ਸੰਗੀਤ ਅਤੇ ਸਿਨੇਮਾਂ ਦੋਹਾਂ ਹੀ ਖੇਤਰਾਂ ਵਿਚ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ, ਜੋ ਅਪਣਾ ਨਵਾਂ ਗਾਣਾ 'ਮੈਮੋਰੀਜ਼' ਲੈ ਕੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਸੁਰੀਲੀ ਆਵਾਜ਼ ਅਤੇ ਅਦਾਕਾਰਾ ਪ੍ਰਭ ਗਰੇਵਾਲ ਦੀ ਫੀਚਰਿੰਗ ਅਧੀਨ ਸੱਜਿਆ ਇਹ ਖੂਬਸੂਰਤ ਗੀਤ 02 ਅਗਸਤ ਨੂੰ ਜਾਰੀ ਹੋਣ ਜਾ ਰਿਹਾ ਹੈ।
'ਪ੍ਰੋ ਸਟੂਡਿਓਜ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਮੋਲੋਡੀਅਸ ਗਾਣੇ ਦਾ ਮਧੁਰ ਸੰਗੀਤ ਦਾ ਮਾਸਟਰ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਇਸਦਾ ਬੋਲ ਗਗਨਦੀਪ ਨੇ ਰਚੇ ਹਨ , ਜਿੰਨਾਂ ਵੱਲੋ ਲਿਖੇ ਕਈ ਮਕਬੂਲ ਗੀਤਾਂ ਨੂੰ ਨਾਮਵਰ ਪੰਜਾਬੀ ਗਾਇਕ ਅਪਣੀ ਆਵਾਜ਼ ਦੇ ਚੁੱਕੇ ਹਨ। ਨੌਜਵਾਨੀ ਮਨਾਂ ਅਤੇ ਬੀਤੀਆਂ ਅਨਮੋਲ ਯਾਦਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਰੋਸ਼ਨ ਪ੍ਰਿੰਸ ਵੱਲੋਂ ਬੜਾ ਖੁੰਬ ਕੇ ਗਾਇਆ ਗਿਆ ਹੈ, ਜੋ ਇਸ ਤਰ੍ਹਾਂ ਦੇ ਦਿਲ-ਟੁੰਬਵੇਂ ਗਾਣੇ ਗਾਉਣ ਵਿੱਚ ਕਾਫ਼ੀ ਮੁਹਾਰਤ ਰੱਖਦੇ ਹਨ, ਜਿਸ ਦਾ ਇਜ਼ਹਾਰ ਉਨਾਂ ਦੇ ਸਾਹਮਣੇ ਆ ਚੁੱਕੇ ਅਜਿਹੇ ਮਨ ਨੂੰ ਛੂਹ ਲੈਣ ਵਾਲੇ ਕਈ ਗਾਣੇ ਪਹਿਲਾਂ ਵੀ ਕਰਵਾ ਚੁੱਕੇ ਹਨ।
ਧਾਰਮਿਕ ਗਾਣਿਆਂ ਨੂੰ ਗਾਉਣ ਵਿੱਚ ਅੱਜਕਲ੍ਹ ਕਾਫ਼ੀ ਪ੍ਰਮੁੱਖਤਾ ਦੇ ਰਹੇ ਗਾਇਕ ਰੋਸ਼ਨ ਪ੍ਰਿੰਸ ਵੱਲੋਂ ਇਹ ਕਮਰਸ਼ਿਅਲ ਗਾਣਾ ਕਾਫ਼ੀ ਗੈਪ ਬਾਅਦ ਸਾਹਮਣੇ ਲਿਆਂਦਾ ਜਾ ਰਿਹਾ ਹੈ ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਸਿਰਜਿਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਉਘੇ ਪੰਜਾਬੀ ਸਿਨੇਮਾਂ ਫ਼ਿਲਮਕਾਰ ਜਨਜੋਤ ਸਿੰਘ ਵੱਲੋਂ ਦਿੱਤੀ ਗਈ ਹੈ, ਜੋ 'ਚੱਲ ਮੇਰਾ ਪੁੱਤ', 'ਚਲ ਮੇਰਾ ਪੁੱਤ 2-3' ਤੋਂ ਇਲਾਵਾ ਕਈ ਵੱਡੀਆ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ ਅਤੇ ਇੰਨੀ ਦਿਨੀ ਉਚ-ਕੋਟੀ ਨਿਰਦੇਸ਼ਕਾ ਵਿੱਚ ਅਪਣੀ ਉਪ-ਸਥਿਤੀ ਦਰਜ਼ ਕਰਵਾ ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬਿਨਾਂ ਬੈਡ ਚੱਲ ਇੰਗਲੈਂਡ' ਦਾ ਹਿੱਸਾ ਰਹੇ ਇਹ ਬਾਕਮਾਲ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਆਪਣੇ ਘਰ ਬੇਗਾਨੇ' ਦੁਆਰਾ ਵੀ ਦਰਸ਼ਕਾਂ ਸਨਮੁੱਖ ਹੋਣਗੇ, ਜਿਸ ਤੋਂ ਇਲਾਵਾ ਨਿਰਦੇਸ਼ਕ ਦੇ ਰੂਪ ਵਿਚ ਉਹ ਅਪਣੀ ਇਕ ਹੋਰ ਨਵੀਂ ਸਿਨੇਮਾਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਨ੍ਹਾਂ ਵੱਲੋ ਅਪਣੀ ਇਸ ਡਾਇਰੈਕਟੋਰੀਅਲ ਫ਼ਿਲਮ ਦੀ ਸ਼ੂਟਿੰਗ ਕੈਨੇਡਾ ਵਿਖੇ ਸੰਪੂਰਨ ਕਰ ਲਈ ਗਈ ਹੈ।