ਚੰਡੀਗੜ੍ਹ: ਸਾਲ 1983 ਵਿੱਚ ਰਿਲੀਜ਼ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਇੱਕ ਵਾਰ ਮੁੜ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ, ਜਿਸ ਨੂੰ ਨਵੀਂ ਸਾਜ-ਸੱਜਾ ਅਧੀਨ ਲਗਭਗ ਢਾਈ ਦਹਾਕਿਆਂ ਬਾਅਦ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
'ਆਈਐਸਡੀ ਆਰਟਸ' ਅਤੇ 'ਗਿੱਲ' ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਅੱਜ ਦਸ਼ਕਾਂ ਬਾਅਦ ਵੀ ਪਾਲੀਵੁੱਡ ਦੀਆਂ ਆਈਕੋਨਿਕ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜਿਸ ਵਿੱਚ ਉਸ ਸਮੇਂ ਦੇ ਮੰਨੇ ਪ੍ਰਮੰਨੇ ਬਾਲੀਵੁੱਡ ਸਟਾਰਾਂ ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਨੂੰ ਸ਼ਾਮਿਲ ਕਰ ਇਤਿਹਾਸ ਰਚ ਦਿੱਤਾ ਗਿਆ, ਜੋ ਉਸ ਸਮੇਂ ਅਪਣੇ ਕਰੀਅਰ ਦੀ ਪੀਕ ਉਤੇ ਸਨ।
ਪੰਜਾਬੀ ਸਿਨੇਮਾ ਦੀਆਂ ਅਤਿ ਮਹਿੰਗੀਆਂ ਫਿਲਮਾਂ ਵਿੱਚੋਂ ਇੱਕ ਅਹਿਮ ਫਿਲਮ ਮੰਨੀ ਜਾਂਦੀ ਇਸ ਮਲਟੀ-ਸਟਾਰਰ ਫਿਲਮ ਵਿੱਚ ਅਦਾਕਾਰ ਬਲਦੇਵ ਖੋਸਾ ਅਤੇ ਉਸ ਸਮੇਂ ਦੀ ਸਟਾਰ ਨਾਇਕਾ ਰਹੀ ਦਿਲਜੀਤ ਕੌਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ, ਜਿੰਨ੍ਹਾਂ ਤੋਂ ਇਲਾਵਾ ਪ੍ਰਕਾਸ਼ ਗਿੱਲ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਮੇਹਰ ਮਿੱਤਲ, ਰੇਹਾਨਾ ਸੁਲਤਾਨ, ਗੋਪੀ ਭੱਲਾ, ਵੇਦ ਗੋਸਵਾਮੀ, ਗਿਰਜਾ ਮਿੱਤਰਾ, ਸੁਰਿੰਦਰ ਵਾਲੀਆ, ਸਰੂਪ ਪਰਿੰਦਾ ਆਦਿ ਦੁਆਰਾ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ।
ਦੁਨੀਆਂ ਭਰ ਵਿੱਚ ਧੂੰਮ ਮਚਾ ਦੇਣ ਵਾਲੀ ਇਹ ਫਿਲਮ ਅਪਣੇ ਕਈ ਖਾਸ ਪਹਿਲੂਆਂ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਮੱਦੇਨਜ਼ਰ ਜਿੱਥੇ ਇਸ ਦੇ ਸੰਗੀਤ ਸਮੇਤ ਸਾਰੇ ਗਾਣਿਆ ਨੇ ਤਰਥੱਲੀ ਮਚਾ ਦਿੱਤੀ, ਉੱਥੇ ਇਸੇ ਫਿਲਮ ਨਾਲ ਮਲਵਈ ਅਤੇ ਸੋਹਣੇ ਸੁਨੱਖੇ ਗੱਬਰੂ ਗੁੱਗੂ ਗਿੱਲ ਦੀ ਵੀ ਆਮਦ ਸਿਲਵਰ ਸਕ੍ਰੀਨ ਉਤੇ ਹੋਈ, ਜਿੰਨ੍ਹਾਂ ਅੱਗੇ ਜਾ ਕੇ ਪੰਜਾਬੀ ਸੁਪਰ ਸਟਾਰ ਵਜੋਂ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਦਾ ਮਾਣ ਹਾਸਿਲ ਕੀਤਾ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਪੈਂਦੇ ਮਲੋਟ, ਜਗਰਾਓ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਨਿਰਮਾਣ ਇਕਬਾਲ ਢਿੱਲੋਂ, ਜਦਕਿ ਲੇਖਨ ਅਤੇ ਨਿਰਦੇਸ਼ਨ ਮਰਹੂਮ ਜਗਜੀਤ ਸਿੰਘ ਚੂਹੜਚੱਕ ਵੱਲੋਂ ਕੀਤਾ ਗਿਆ, ਜੋ ਪੰਜਾਬੀ ਸਿਨੇਮਾ ਦੇ ਬਿਹਤਰੀਨ ਅਤੇ ਉੱਚ ਕੋਟੀ ਨਿਰਦੇਸ਼ਕ ਮੰਨੇ ਜਾਂਦੇ ਰਹੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਰੀ-ਰਿਲੀਜ਼ ਨੂੰ ਲੈ ਕੇ ਮੁੜ ਚਰਚਾ ਦਾ ਕੇਂਦਰ ਬਣੀ ਇਸ ਫਿਲਮ ਨੂੰ ਅਪ੍ਰੈਲ ਮਹੀਨੇ ਸਿਨੇਮਾਘਰਾਂ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਆਧੁਨਿਕ ਸਿਨੇਮਾ ਸਾਂਚੇ ਅਨੁਸਾਰ ਤਕਨੀਕੀ ਪੱਖੋਂ ਨਵਾਂ ਰੂਪ ਦੇਣ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ।
ਇਹ ਵੀ ਪੜ੍ਹੋ: