ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਮੌਜੂਦਾ ਦੌਰ ਚਰਚਿਤ ਚਿਹਰਿਆਂ ਵਿੱਚੋਂ ਇੱਕ ਅਹਿਮ ਨਾਂਅ ਵਜੋਂ ਜਾਣੇ ਜਾਂਦੇ ਹਨ ਗਾਇਕ ਕੁਲਬੀਰ ਝਿੰਜਰ, ਜੋ ਜਲਦ ਹੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿਸ਼ੇਸ਼ ਸ਼ੋਅਜ਼ ਦੌਰੇ ਨੂੰ ਅੰਜ਼ਾਮ ਦੇਣ ਜਾ ਰਹੇ ਹਨ, ਜਿਸ ਦੌਰਾਨ ਉਹ ਉੱਥੋਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਜਾ ਰਹੇ ਕਈ ਗ੍ਰੈਂਡ ਕੰਸਰਟ ਦਾ ਹਿੱਸਾ ਬਣਨਗੇ।
'ਰੇਡਿਓ ਸਾਡੇਆਲਾ', 'ਗਾਮਾ ਕਾਲਜ' ਅਤੇ 'ਕਲਾਸਿਕ ਰਿਕਾਰਡਸ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਸ਼ੋਅ ਲੜੀ 'ਯਾਰੀਆਂ' ਦਾ ਆਯੋਜਨ ਇਸੇ ਵਰ੍ਹੇ 2025 ਦੇ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿੱਚ ਹੋਵੇਗਾ, ਜਿਸ ਸੰਬੰਧਤ ਰਸਮੀ ਸ਼ੁਰੂਆਤ 15 ਮਾਰਚ ਨੂੰ ਓਕਲੈਂਡ ਤੋਂ ਹੋਵੇਗੀ।
ਦੁਨੀਆ ਭਰ ਵਿੱਚ ਆਪਣੀ ਨਯਾਬ ਗਾਇਕੀ ਦਾ ਲੋਹਾ ਮੰਨਵਾਂ ਚੁੱਕੇ ਗਾਇਕ ਕੁਲਬੀਰ ਝਿੰਜਰ ਕਾਫ਼ੀ ਲੰਮੇਂ ਵਕਫ਼ੇ ਬਾਅਦ ਆਸਟ੍ਰੇਲੀਆ ਦੀ ਖੂਬਸੂਰਤ ਧਰਤੀ ਉਤੇ ਹੋਣ ਜਾ ਰਹੇ ਆਪਣੇ ਇੰਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਨੂੰ ਲੈ ਕੇ ਉਨਾਂ ਦੇ ਇੱਧਰ ਵੱਸਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਧਾਰਮਿਕ ਗੀਤ 'ਅਕਾਲ' ਨੂੰ ਲੈ ਕੇ ਵੀ ਕਾਫ਼ੀ ਲਾਈਮ ਲਾਈਟ ਦਾ ਹਿੱਸਾ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ ਵੱਲੋਂ ਲਿਖੇ ਅਤੇ ਹਿੱਟ ਰਹੇ ਬੇਸ਼ੁਮਾਰ ਗਾਣਿਆਂ ਨੂੰ ਪ੍ਰਸਿੱਧ ਗਾਇਕ ਤਰਸੇਮ ਜੱਸੜ੍ਹ ਸਮੇਤ ਪੰਜਾਬ ਦੇ ਕਈ ਨਾਮਵਰ ਗਾਇਕ ਅਪਣੀਆਂ ਅਵਾਜ਼ਾਂ ਦੇ ਚੁੱਕੇ ਹਨ।
ਸਾਲ 2020 ਵਿੱਚ ਆਈ ਪੰਜਾਬੀ ਫਿਲਮ 'ਜੱਗਾ ਜਗਰਾਵਾਂ ਵਾਲਾ' ਨਾਲ ਸਿਲਵਰ ਸਕਰੀਨ ਉਤੇ ਸ਼ਾਨਦਾਰ ਡੈਬਿਊ ਕਰਨ ਵਾਲੇ ਗਾਇਕ ਕੁਲਬੀਰ ਝਿੰਜਰ ਹੋਰ ਕਈ ਫਿਲਮਾਂ ਨੂੰ ਵੀ ਬਤੌਰ ਪਿੱਠਵਰਤੀ ਗਾਇਕ ਵਜੋਂ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਰੱਬ ਦਾ ਰੇਡਿਓ', 'ਰੱਬ ਦਾ ਰੇਡਿਓ 2' ਅਤੇ 'ਮਾਂ ਦਾ ਲਾਡਲਾ' ਆਦਿ ਸ਼ਾਮਿਲ ਰਹੀਆਂ ਹਨ।
ਓਧਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਅਪਣੇ ਕਈ ਵੱਡੇ ਗੀਤ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨਗੇ ਇਹ ਅਜ਼ੀਮ ਗਾਇਕ, ਜਿੰਨ੍ਹਾਂ ਸੰਬੰਧਤ ਰਿਕਾਰਡਿੰਗ ਪ੍ਰਕਿਰਿਆ ਨੂੰ ਵੀ ਉਨ੍ਹਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: