ਚੰਡੀਗੜ੍ਹ: ਗੁਰਚੇਤ ਚਿੱਤਰਕਾਰ ਪੰਜਾਬੀ ਸਿਨੇਮਾ ਵਿੱਚ ਆਪਣੀ ਕਾਮੇਡੀ ਦੇ ਨਾਲ-ਨਾਲ ਸਰਕਾਰਾਂ ਉਤੇ ਸ਼ਰੇਆਮ ਤੰਜ ਕੱਸਣ ਲਈ ਵੀ ਜਾਣੇ ਜਾਂਦੇ ਹਨ, ਜੋ ਆਏ ਦਿਨ ਆਪਣੀਆਂ ਵੀਡੀਓਜ਼ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਰਾਜਨੀਤੀ ਖਿਲਾਫ਼ ਬੋਲਦੇ ਰਹਿੰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਪੇਜ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜੋ ਕਾਫੀ ਧਿਆਨ ਖਿੱਚ ਰਹੀ ਹੈ, ਦਰਅਸਲ, ਇਹ ਪੋਸਟ ਅਦਾਕਾਰ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਲੁੱਕਵੇਂ ਰੂਪ ਵਿੱਚ 'ਆਪ' ਸਰਕਾਰ ਉਤੇ ਤੰਜ ਕੱਸਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਤੇ ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਦਿੱਲੀ ਮਾਡਲ, ਦਿੱਲੀ ਮਾਡਲ...ਦਿੱਲੀ ਤਾਂ ਗਈ ਹੱਥੋਂ, ਜਾਉ ਪੰਜਾਬ ਵੀ, ਸੰਭਲ ਜੋ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ, ਮੁਫ਼ਤ 'ਚ ਕੁੱਝ ਨਾ ਦਿਓ।' ਇਸ ਪੋਸਟ ਨੂੰ ਕਾਫੀ ਸਾਰੇ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ।
ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਮੇਡੀਅਨ ਨੇ ਸਰਕਾਰ ਨੂੰ ਨਸੀਹਤ ਦਿੱਤੀ ਹੈ, ਇਸ ਤੋਂ ਪਹਿਲਾਂ ਵੀ ਅਦਾਕਾਰ ਨੇ ਕਈ ਇੰਟਰਵਿਊਜ਼ ਵਿੱਚ ਇਸ ਸੰਬੰਧੀ ਆਪਣੀਆਂ ਦਿਲੀ ਭਾਵਨਾਵਾਂ ਵਿਅਕਤ ਕੀਤੀਆਂ ਹਨ।
ਹਾਲ ਹੀ ਵਿੱਚ ਅਦਾਕਾਰ ਨੇ ਕਿਹਾ ਸੀ, 'ਮੈਂ ਉਸ ਸਮੇਂ ਪਾਰਟੀ ਦੇ ਨਾਲ ਬੋਲਦਾ ਹੁੰਦਾ ਸੀ ਕਿ ਹੁਣ ਚਿੱਟਾ ਬੰਦ ਹੋਜੂ, ਹਰੇਕ ਨੂੰ ਭਰੋਸਾ ਵੀ ਸੀ ਕਿ ਜੋ ਚੀਜ਼ ਗਲਤ ਹੋ ਰਹੀ ਹੈ, ਉਹ ਸਹੀ ਹੋ ਜਾਵੇਗੀ, ਪਰ ਨਹੀਂ ਹੋਇਆ, ਜਿਵੇਂ ਹਥਿਆਰਾਂ ਉਤੇ ਪਾਬੰਦੀ ਲਾਈ ਜਾ ਸਕਦੀ ਹੈ, ਉਸੇ ਤਰ੍ਹਾਂ ਚਿੱਟਾ ਬੰਦ ਕਰਵਾਉਣਾ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ। ਚਿੱਟਾ ਓਨ੍ਹਾਂ ਟਾਈਮ ਬੰਦ ਨਹੀਂ ਹੁੰਦਾ, ਜਿੰਨਾ ਚਿਰ ਲੀਡਰ ਨਹੀਂ ਚਾਹੁੰਦੇ। ਹੁਣ ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਮੈਨੂੰ ਕਹਿੰਦੇ ਹਨ ਕਿ ਚਿੱਟਾ ਤੇਰਾ ਬੰਦ ਨਹੀਂ ਹੋਇਆ, ਮੈਂ ਨਾਟਕਾਂ ਰਾਹੀਂ ਉਸ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਸਰਕਾਰ ਬਣਾਓ, ਚਿੱਟਾ ਬੰਦ ਹੋ ਜਾਵੇਗਾ। ਹੁਣ ਲੋਕ ਮੈਨੂੰ ਸੁਆਲ ਕਰਦੇ ਹਨ।'
ਇਸ ਦੌਰਾਨ ਜੇਕਰ ਗੁਰਚੇਤ ਚਿੱਤਰਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਆਪਣੀ ਨਵੀਂ ਵੈੱਬ ਸੀਰੀਜ਼ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ:
- ਪੰਜਾਬੀ ਫਿਲਮਾਂ 'ਚ ਹਿੱਸੇਦਾਰੀ ਕਰੇਗੀ ਬਾਲੀਵੁੱਡ ਨਿਰਮਾਣ ਕੰਪਨੀ 'ਧਰਮਾ ਪ੍ਰੋਡੋਕਸ਼ਨ', ਪੰਜਾਬ ਸਮੇਤ ਇਹਨਾਂ ਸ਼ਹਿਰਾਂ 'ਚ ਖੋਲ੍ਹੇ ਜਾਣਗੇ ਡਿਸਟਰੀਬਿਊਸ਼ਨ ਦਫ਼ਤਰ
- ਨਿਊਜ਼ੀਲੈਡ ਅਤੇ ਆਸਟ੍ਰੇਲੀਆ ਟੂਰ ਲਈ ਤਿਆਰ ਗਾਇਕ ਕੁਲਬੀਰ ਝਿੰਜਰ, ਕਈ ਗ੍ਰੈਂਡ ਸ਼ੋਅਜ਼ ਦਾ ਬਣਨਗੇ ਹਿੱਸਾ
- ਦਿਲਜੀਤ ਦੁਸਾਂਝ ਨੂੰ ਮੇਘਾਲਿਆ ਦੇਖ ਕੇ ਲੋਕਾਂ ਨੇ ਲਾਏ 'ਬੋਲੇ ਸੋ ਨਿਹਾਲ' ਦੇ ਜੈਕਾਰੇ, ਗਾਇਕ ਨੇ ਸਾਂਝੀ ਕੀਤੀ ਮਜ਼ੇਦਾਰ ਵੀਡੀਓ