ਕਪੂਰਥਲਾ: ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਹਾਈਵੇਅ ਉੱਤੇ ਟਰੱਕ ਦੇ ਪਲਟਨ ਨਾਲ ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਠੱਟਾ ਨਵਾਂ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਆਸਟਰੇਲੀਆ ਤੋਂ ਪਰਿਵਾਰਕ ਸੂਤਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਇਮਾਰਤੀ ਸਮੱਗਰੀ ਲੋਡ ਕੀਤੀ ਹੋਈ ਸੀ ਅਤੇ ਹਾਈਵੇਅ ਉੱਤੇ ਜਾ ਰਿਹਾ ਸੀ ਕਿ ਅਚਾਨਕ 12 ਅਤੇ 13 ਫਰਵਰੀ ਦੀ ਦਰਮਿਆਨੀ ਰਾਤ ਸਮੇਂ ਟਰੱਕ ਪਲਟ ਗਿਆ ਅਤੇ ਦੂਜੇ ਪਾਸੇ ਤੋਂ ਆ ਰਿਹਾ ਇੱਕ ਹੋਰ ਟਰੱਕ ਵੀ ਇਸ ਨਾਲ ਟਕਰਾਅ ਗਿਆ।
ਟਰੱਕ ਪਲਟ ਕੇ ਚਕਨਾਚੂਰ
ਸਿਡਨੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਾਲੂ ਕੀਤੇ ਜਿਸ ਵਿੱਚ ਵੱਡੀ ਮੁਸ਼ੱਕਤ ਨਾਲ ਇੱਕ ਪੰਜਾਬੀ ਟਰੱਕ ਦੇ ਡਰਾਈਵਰ 29 ਸਾਲਾਂ ਨੌਜਵਾਨ ਸਤਬੀਰ ਸਿੰਘ ਥਿੰਦ ਪੁੱਤਰ ਤਰਸੇਮ ਸਿੰਘ ਰਿਟਾਇਰ ਸਬ ਇੰਸਪੈਕਟਰ ਪਿੰਡ ਠੱਟਾ ਨਵਾਂ (ਹਾਲ ਵਾਸੀ ਕਪੂਰਥਲਾ) ਨੂੰ ਬਾਹਰ ਕੱਢਿਆ ਗਿਆ ਜਿਸ ਦੀ ਬਦਕਿਸਮਤੀ ਨਾਲ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਦੂਜੇ ਟਰੱਕ ਦੇ ਇੱਕ 27 ਸਾਲਾ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਕੈਨਬਰਾ ਹਸਪਤਾਲ ਲਿਜਾਇਆ ਗਿਆ। ਦੁਰਘਟਨਾ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਆਦਮੀ ਸਿਡਨੀ ਤੋਂ ਸੀ, ਦੂਜਾ ਮੈਲਬੌਰਨ ਤੋਂ ਸੀ। 27 ਸਾਲਾ ਡਰਾਈਵਰ ਤਕਰੀਬਨ ਸੱਤ ਘੰਟੇ ਮਲਬੇ ਵਿੱਚ ਫਸਿਆ ਰਿਹਾ ਜਿਸ ਨੂੰ ਬਚਾਅ ਕਰਮਚਾਰੀਆਂ ਵੱਲੋਂ ਭਾਰੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ। ਦੋਵੇਂ ਟਰੱਕ ਪਲਟ ਕੇ ਚਕਨਾਚੂਰ ਹੋ ਗਏ।
ਡੂੰਘੇ ਦੁੱਖ ਦਾ ਪ੍ਰਗਟਾਵਾ
ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਬੀਰ ਸਿੰਘ ਥਿੰਦ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਭਾਰਤ ਭੇਜਣ ਲਈ ਵਿਚਾਰ ਕੀਤੀ ਜਾ ਰਹੀ ਹੈ। ਉੱਧਰ ਸਤਬੀਰ ਸਿੰਘ ਦੀ ਮੌਤ ਦਾ ਜਿਉਂ ਇਲਾਕੇ ਵਿੱਚ ਖ਼ਬਰ ਮਿਲੀ ਤਾਂ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਪਿੰਡ ਠੱਟਾ ਨਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਬਲਾਕ ਪ੍ਰਧਾਨ, ਆਪ ਆਗੂ ਦਲਜੀਤ ਸਿੰਘ ਲਾਲੀ, ਚਰਨਜੀਤ ਸਿੰਘ ਮੋਮੀ, ਸਵਰਨ ਸਿੰਘ ਦੋਹਾ ਕਤਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਸਤਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾਣ।