ਚੰਡੀਗੜ੍ਹ: ਦਿੱਲੀ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਵੱਡਾ ਫੇਰਬਦਲ ਪਾਰਟੀ ਹਾਈਕਮਾਨ ਵੱਲੋਂ ਕੀਤਾ ਗਿਆ ਹੈ। ਕਾਂਗਰਸ ਨੇ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕਰਦਿਆਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਸੂਬੇ ਦਾ ਇੰਚਾਰਜ ਥਾਪਿਆ ਹੈ। ਕਾਂਗਰਸ ਹਾਈਕਮਾਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਪੂਰੇ ਫੇਰਬਦਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

ਭੁਪੇਸ਼ ਬਘੇਲ ਦਾ ਸਿਆਸੀ ਸਫ਼ਰ
ਭੁਪੇਸ਼ ਬਘੇਲ ਇੱਕ ਭਾਰਤੀ ਸਿਆਸਤਦਾਨ ਹੈ ਜੋ ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਜਨਮ 23 ਅਗਸਤ 1961 ਨੂੰ ਦੁਰਗ, ਛੱਤੀਸਗੜ੍ਹ ਵਿੱਚ ਹੋਇਆ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ ਅਤੇ ਅਕਤੂਬਰ 2014 ਤੋਂ ਜੂਨ 2019 ਤੱਕ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਭੁਪੇਸ਼ ਬਘੇਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਰਤੀ ਯੂਥ ਕਾਂਗਰਸ ਤੋਂ ਕੀਤੀ ਸੀ। ਉਹ ਪਹਿਲੀ ਵਾਰ 1993 ਵਿੱਚ ਪਾਟਨ ਤੋਂ ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਬਾਅਦ ਵਿੱਚ ਇਸੇ ਸੀਟ ਤੋਂ ਪੰਜ ਵਾਰ ਚੁਣੇ ਗਏ ਸਨ। ਉਨ੍ਹਾਂ ਛੱਤੀਸਗੜ੍ਹ ਦੀ ਸਰਕਾਰ ਵਿੱਚ ਇੱਕ ਮੰਤਰੀ ਵਜੋਂ ਵੀ ਕੰਮ ਕੀਤਾ ਹੈ ਅਤੇ 2018 ਵਿੱਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 17 ਦਸੰਬਰ 2018 ਨੂੰ ਭੂਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਤੀਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਅਤੇ ਝੋਨੇ ਦੇ ਸਮਰਥਨ ਮੁੱਲ ਵਿੱਚ 50% ਵਾਧੇ ਸਮੇਤ ਕਈ ਅਹਿਮ ਫੈਸਲੇ ਲਏ ਹਨ।
ਹੋਰ ਸੂਬਿਆਂ ਵਿੱਚ ਕੀਤੇ ਵੱਡੇ ਬਦਲਾਅ
ਕਾਂਗਰਸ ਹਾਈਕਮਾਨ ਨੇ ਅਜੇ ਕੁਮਾਰ ਲਾਲੂ ਨੂੰ ਓਡੀਸ਼ਾ ਅਤੇ ਕੇ ਰਾਜੂ ਨੂੰ ਝਾਰਖੰਡ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਮੀਨਾਕਸ਼ੀ ਨਟਰਾਜਨ ਨੂੰ ਤੇਲੰਗਾਨਾ, ਸਪਤਗਿਰੀ ਸ਼ੰਕਰ ਉਲਕਾ ਨੂੰ ਮਨੀਪੁਰ, ਸਿੱਕਮ ਅਤੇ ਨਾਗਾਲੈਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਬੀ.ਕੇ. ਹਰੀ ਪ੍ਰਸਾਦ ਨੂੰ ਹਰਿਆਣਾ, ਰਜਨੀ ਪਾਟੇਕ ਨੂੰ ਹਿਮਾਚਲ ਪ੍ਰਦੇਸ਼-ਚੰਡੀਗੜ੍ਹ, ਕ੍ਰਿਸ਼ਨਾ ਅੱਲਾਵਾਰੂ ਨੂੰ ਬਿਹਾਰ ਅਤੇ ਗਿਰੀਸ਼ ਚੋਡਨਕਰ ਨੂੰ ਤਾਮਿਲਨਾਡੂ-ਪੁਡੂਚੇਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Congress appoints Bhupesh Baghel and Syed Naseer Hussain as the general secretaries of Punjab and J&K and Ladakh respectively.
— ANI (@ANI) February 14, 2025
Congress appoints Harish Chaudhary, Ajay Kumar Lallu, K. Raju as the in-charges of Madhya Pradesh, Odisha, Jharkhand, respectively. pic.twitter.com/VOLeVCSaJL
ਚੋਣਾਂ ਵਿੱਚ ਕਾਂਗਰਸ ਦਾ ਮਾੜਾ ਪ੍ਰਦਰਸ਼ਨ:
ਇਹ ਧਿਆਨ ਦੇਣ ਯੋਗ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ। ਪਿਛਲੀਆਂ ਦੋ ਚੋਣਾਂ ਵਿੱਚ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਜਿੱਤਣ ਵਾਲੀ ਕਾਂਗਰਸ ਇਸ ਵਾਰ ਵੀ ਰਾਜਧਾਨੀ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਇਸ ਦੇ ਨਾਲ ਹੀ, ਭਾਰਤੀ ਜਨਤਾ ਪਾਰਟੀ, ਜੋ ਕਿ ਲਗਭਗ ਦੋ ਦਹਾਕਿਆਂ ਤੋਂ ਦਿੱਲੀ ਵਿੱਚ ਸੱਤਾ ਤੋਂ ਬਾਹਰ ਸੀ, ਨੇ 48 ਸੀਟਾਂ ਜਿੱਤੀਆਂ, ਜਦੋਂ ਕਿ ਪਿਛਲੀਆਂ ਦੋ ਚੋਣਾਂ ਵਿੱਚ ਸੱਤਾ ਵਿੱਚ ਰਹੀ ਆਮ ਆਦਮੀ ਪਾਰਟੀ ਇਸ ਵਾਰ 22 ਸੀਟਾਂ 'ਤੇ ਸਿਮਟ ਗਈ।