ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਦੀ ਬਿਹਤਰੀਨ ਸੁਮੇਲਤਾ ਅਧੀਨ ਸਾਹਮਣੇ ਆਉਣ ਜਾ ਰਹੀ ਅਤੇ ਹਾਲ ਹੀ ਵਿੱਚ ਐਲਾਨੀ ਗਈ ਪੰਜਾਬੀ ਫਿਲਮ 'ਮੇਹਰ' ਅੱਜ ਸੈੱਟ ਉਤੇ ਪਹੁੰਚ ਗਈ ਹੈ, ਜਿਸ ਨੂੰ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਅਤੇ ਵੱਡੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
'ਡਿਜੀਟੇਨਮੈਂਟ' ਅਤੇ 'ਦਿਵਿਆ ਭਟਨਾਗਰ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ ਬਾਲ ਅਦਾਕਾਰ ਮਾਸਟਰ ਅਗਮਬੀਰ ਸਿੰਘ, ਜੋ ਇਸ ਡਾਰਕ-ਡਰਾਮਾ ਅਤੇ ਇਮੋਸ਼ਨਲ ਫਿਲਮ ਦੁਆਰਾ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਪਾਰੀ ਦਾ ਅਗਾਜ਼ ਕਰੇਗਾ।
ਹਿੰਦੀ ਸਿਨੇਮਾ ਨਾਲ ਜੁੜੀਆਂ ਦਿੱਗਜ ਸ਼ਖਸੀਅਤਾਂ ਵੱਲੋਂ ਨਿਰਮਿਤ ਅਤੇ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਬਿੱਗ ਸੈੱਟਅੱਪ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਬਾਲੀਵੁੱਡ ਦੇ ਦੋ ਚਰਚਿਤ ਚਿਹਰੇ ਰਾਜ ਕੁੰਦਰਾ ਅਤੇ ਗੀਤਾ ਬਸਰਾ ਵੀ ਅਹਿਮ ਭੂਮਿਕਾ ਨਿਭਾਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਓਟੀਟੀ ਫਿਲਮ 'ਯੂਟੀ 69' ਦਾ ਸ਼ਾਨਦਾਰ ਹਿੱਸਾ ਰਹੇ ਰਾਜ ਕੁੰਦਰਾ ਅਤੇ ਸਾਲ 2015 ਵਿੱਚ ਆਈ 'ਸੈਕੰਢ ਹੈਂਡ ਹਸਬੈਂਡ' ਵਿੱਚ ਨਜ਼ਰ ਆਈ ਅਦਾਕਾਰਾ ਗੀਤਾ ਬਸਰਾ ਉਕਤ ਫਿਲਮ ਦੁਆਰਾ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।
ਪਾਲੀਵੁੱਡ ਗਲਿਆਰਿਆਂ ਵਿੱਚ ਅਨਾਊਂਸਮੈਂਟ ਪੜਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਅਸ਼ੂਦੀਪ ਸ਼ਰਮਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਫਿਲਮਾਂ ਨੂੰ ਖੂਬਸੂਰਤ ਨਕਸ਼ ਦੇਣ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ।
ਓਧਰ ਉਕਤ ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਗੱਲ ਕਰੀਏ ਤਾਂ ਕਾਫ਼ੀ ਲੰਮੇਂ ਸਮੇਂ ਬਾਅਦ ਉਹ ਅਪਣੀ ਇੱਕ ਹੋਰ ਡਾਇਰੈਕਟੋਰੀਅਲ ਪਾਰੀ ਦੀ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਇਸ ਤੋਂ ਪਹਿਲਾਂ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਵਿੱਚ 'ਇੱਕ ਸੰਧੂ ਹੁੰਦਾ ਸੀ'(2020), 'ਯਾਰਾ ਵੇ'(2019), 'ਰੰਗ ਪੰਜਾਬ'(2018) ਅਤੇ 'ਵਾਪਸੀ' (2016) ਆਦਿ ਸ਼ਾਮਿਲ ਰਹੀਆਂ ਹਨ।
ਓਧਰ ਚੰਡੀਗੜ੍ਹ-ਮੋਹਾਲੀ-ਖਰੜ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: