ਲੁਧਿਆਣਾ: ਪੰਜਾਬ ਭਰ ਵਿੱਚ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਰੋਜ਼ਾਨਾ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਜਿੰਨਾਂ ਵਿੱਚ ਏਜੰਟਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਜਾਂ ਫਿਰ ਕਈ ਮਾਮਲਿਆਂ ਵਿੱਚ ਕੁੜੀਆਂ ਵਿਆਹ 'ਤੇ ਖਰਚ ਕਰਵਾ ਬਾਹਰ ਜਾਕੇ ਮੁੰਡੇ ਨੂੰ ਨਹੀਂ ਪੁੱਛਦੀਆਂ ਅਤੇ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਪਿੰਡ ਢੈਂਪਈ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿਤਾ ਨੇ ਆਪਣੇ ਬੇਟੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਗਈ ਕੁੜੀ ਦੀ ਪੜ੍ਹਾਈ ਉੱਪਰ ਲਗਭਗ 45 ਲੱਖ ਰੁਪਏ ਖਰਚ ਕੀਤੇ। ਵਿਆਹ ਦੇ ਡੇਢ ਮਹੀਨੇ ਮਗਰੋਂ ਲੜਕੀ ਕੈਨੇਡਾ ਚਲੀ ਗਈ ਅਤੇ ਤਕਰੀਬਨ ਚਾਰ ਮਹੀਨੇ ਬਾਅਦ ਮੁੰਡੇ ਨੂੰ ਵੀ ਬੁਲਾਇਆ ਪਰ ਉੱਥੇ ਜਾ ਕੇ ਮੁੰਡੇ ਨਾਲ ਨਹੀਂ ਰਹੀ ਅਤੇ ਤਲਾਕ ਦਾ ਕੇਸ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਾ ਹੋਣ ਦੀ ਸਥਿਤੀ ਵਿੱਚ ਥਾਣੇ ਵਿੱਚ ਥਾਣੇ ਤੱਕ ਗੱਲ ਪਹੁੰਚ ਗਈ। ਜਿੱਥੇ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਮੁੰਡੇ ਦਾ ਨੰਬਰ ਵੀ ਬਲੋਕ ਕਰ ਦਿੱਤਾ
ਮੁੰਡੇ ਦੀ ਮਾਂ ਦੀਆਂ ਅੱਖਾਂ ਵਿੱਚੋਂ ਅੱਜ ਵੀ ਹੰਝੂ ਨਹੀਂ ਰੁਕ ਰਹੇ ਜਿਸ ਨੇ ਕਿਹਾ ਕਿ, 'ਵਿਆਹ ਤੋਂ ਤਕਰੀਬਨ ਇੱਕ ਮਹੀਨਾ ਬਾਅਦ ਕੁੜੀ ਵਿਦੇਸ਼ ਚਲੀ ਗਈ ਅਤੇ 20 ਦਿਨ ਦੇ ਕਰੀਬ ਉਹ ਉਨ੍ਹਾਂ ਕੋਲ ਰਹੀ ਸੀ। ਜਿਸ ਦੌਰਾਨ ਮੁੰਡਾ ਅਤੇ ਕੁੜੀ ਚੰਡੀਗੜ੍ਹ ਘੁੰਮਣ ਲਈ ਵੀ ਗਏ ਸੀ। ਵਿਦੇਸ਼ ਜਾ ਕੇ ਵੀ ਉਹ ਫੋਨ ਕਰਦੀ ਸੀ ਪਰ ਮੁੰਡੇ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਨੇ ਸਾਡਾ ਫੋਨ ਨਹੀਂ ਚੁੱਕਿਆ ਅਤੇ ਮੁੰਡੇ ਦਾ ਨੰਬਰ ਵੀ ਬਲੋਕ ਕਰ ਦਿੱਤਾ ਅਤੇ ਤਲਾਕ ਦਾ ਕੇਸ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।'
ਇਨਸਾਫ ਦੀ ਮੰਗ
ਮੁੰਡੇ ਦੇ ਪਿਤਾ ਅਤੇ ਚਾਚੇ ਨੇ ਦੱਸਿਆ ਕੀ ਉਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਧਰ ਕੇ 45 ਲੱਖ ਰੁਪਏ ਕੁੜੀ ਉੱਪਰ ਖਰਚ ਕੀਤੇ ਸਨ ਪਰ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਕੁੜੀ ਨੇ ਪਹਿਲਾਂ ਵੀ ਕਿਸੇ ਨਾਲ ਠੱਗੀ ਕੀਤੀ ਸੀ ਜਿਸ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਪੈਸੇ ਦੇ ਕੇ ਰਾਜੀਨਾਮਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੰਡੇ ਨੂੰ ਬੁਲਾਉਣ ਤੋਂ ਬਾਅਦ ਉਸ ਦਾ ਫੋਨ ਵੀ ਨਹੀਂ ਚੁੱਕਿਆ ਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ, ਉਨ੍ਹਾਂ ਕਿਹਾ ਕਿ ਅਖੀਰ ਵਿੱਚ ਪੁਲਿਸ ਨੂੰ ਕੰਪਲੇਟ ਕੀਤੀ ਜਿੱਥੇ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਗਹਿਣੇ ਰੱਖ ਕੇ ਅਤੇ ਲੋਕਾਂ ਤੋਂ ਉਧਾਰੇ ਪੈਸੇ ਫੜ ਕੇ ਖਰਚ ਕੀਤੇ ਸਨ ਤਾਂ ਜੋ ਮੁੰਡੇ ਦਾ ਭਵਿੱਖ ਵਧੀਆ ਬਣ ਸਕੇ।
ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ 45 ਲੱਖ ਰੁਪਏ ਦੀ ਠੱਗੀ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।