ਅੰਮ੍ਰਿਤਸਰ : ਅਮਰੀਕਾ ਤੋਂ ਡਿਪੋਰਟ ਹੋਏ 119 ਭਾਰਤੀ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਇਸ ਜਹਾਜ਼ ਵਿੱਚ ਪੰਜਾਬ ਦੇ 67 ਲੋਕ ਸ਼ਾਮਲ ਹਨ, ਜਿਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਲੈਣ ਲਈ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਨ। ਅਜਨਾਲਾ ਦੇ ਪਿੰਡ ਭੁੱਲਰ ਦਾ ਇੱਕ ਨੌਜਵਾਨ ਗੁਰਜਿੰਦਰ ਸਿੰਘ ਵੀ ਡਿਪੋਰਟ ਹੋ ਕੇ ਪੰਜਾਬ ਆ ਰਿਹਾ ਹੈ, ਜਿਸ ਨੂੰ ਲੈਣ ਦੇ ਲਈ ਪਰਿਵਾਰ ਏਅਰਪੋਰਟ 'ਤੇ ਪਹੁੰਚ ਗਿਆ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ 55 ਲੱਖ ਰੁਪਏ ਮਿੱਟੀ ਹੋ ਗਏ ਹਨ।
ਹਰਿਆਣਾ ਦੇ ਏਜੰਟ ਨਾਲ ਕੀਤਾ ਸੀ ਸੰਪਰਕ
ਗੁਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰਜਿੰਦਰ 2 ਭੈਣਾਂ ਦਾ ਇਕਲੋਤਾ ਭਰਾ ਹੈ, ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਸਾਰੇ ਘਰ ਦਾ ਭਾਰ ਉਸ ਦੇ ਸਿਰ ਉੱਤੇ ਸੀ। ਉਗ ਆਪਣੇ ਘਰ ਦੇ ਵਿੱਤੀ ਹਲਾਤ ਸੁਧਾਰਨ ਦੇ ਲਈ ਅਮਰੀਕਾ ਗਿਆ ਸੀ, ਜਿਸ ਨੇ ਅਮਰੀਕਾ ਜਾਣ ਲਈ ਹਰਿਆਣਾ ਦੇ ਏਜੰਟ ਨਾਲ ਸੰਪਰਕ ਕੀਤਾ ਸੀ। ਪਰਿਵਾਰ ਨੇ ਕਿਹਾ ਕਿ 8 ਮਹੀਨੇ ਪਹਿਲਾਂ ਉਹ ਘਰੋਂ ਅਮਰੀਕਾ ਜਾਣ ਦੇ ਲਈ ਗਿਆ ਸੀ। ਏਜੰਟ ਨੇ ਕਿਹਾ ਸੀ ਕਿ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਾਂਗਾ, ਪਰ ਸਾਡੇ ਪੁੱਤ ਨੂੰ ਉਸ ਨੇ ਡੰਕੀ ਲਵਾਈ ਹੈ। ਸਾਡਾ ਪੁੱਤ 8 ਮਹੀਨੇ ਜੰਗਲਾਂ ਵਿੱਚ ਹੀ ਰਿਹਾ। ਸਾਡਾ ਨਾਲ ਧੋਖਾ ਹੋਇਆ ਹੈ।
'ਸਰਕਾਰ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਤਾਂ...'
ਗੁਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 55 ਲੱਖ ਰੁਪਏ ਅੱਜ ਸਾਡੇ ਮਿੱਟੀ ਹੋ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਤਾਂ ਨੌਜਵਾਨ ਵਿਦੇਸ਼ਾਂ ਵਿੱਚ ਕਿਉਂ ਜਾਂਦੇ। ਜੇ ਇੱਥੇ ਹੀ ਨੌਕਰੀਆਂ ਮਿਲ ਜਾਂਦੀਆਂ ਤਾਂ ਪੰਜਾਬ ਦੇ ਪੁੱਤ ਵਿਦੇਸ਼ਾਂ ਵਿੱਚ ਜਾ ਕੇ ਕਿਉਂ ਰੁਲਦੇ।