ਮੁਜ਼ੱਫਰਨਗਰ (ਉੱਤਰ ਪ੍ਰਦੇਸ਼): ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ 2 ਵਿਅਕਤੀਆਂ ਵਿੱਚੋਂ ਇੱਕ ਰਜਤ ਕੁਮਾਰ ਨੇ ਮੰਗਲਵਾਰ ਨੂੰ ਆਪਣੀ ਪ੍ਰੇਮਿਕਾ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 25 ਸਾਲਾ ਰਜਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪੁਰਕਾਜੀ ਥਾਣਾ ਖੇਤਰ ਦੇ ਪਿੰਡ ਬੁੱਚਾ ਬਸਤੀ ਵਿੱਚ ਉਸ ਦੀ ਪ੍ਰੇਮਿਕਾ (ਨਾਮ ਗੁਪਤ) ਦੀ ਮੌਤ ਹੋ ਗਈ।
ਦੋਵਾਂ ਦਾ 5 ਸਾਲ ਤੱਕ ਸੀ ਅਫੇਅਰ
ਸੂਤਰਾਂ ਨੇ ਦੱਸਿਆ ਕਿ ਦੋਵੇਂ ਪਿਛਲੇ 5 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ ਪਰ ਦੋਵੇਂ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧ ਰੱਖਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੂਤਰਾਂ ਨੇ ਕਿਹਾ, 'ਦੋਵੇਂ ਘੰਟਿਆਂ ਤੱਕ ਫੋਨ 'ਤੇ ਗੱਲ ਕਰਦੇ ਸਨ, ਪਰ ਕਿਉਂਕਿ ਉਹ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ, ਉਨ੍ਹਾਂ ਦੇ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਲੜਕੀ ਦਾ ਕਿਤੇ ਹੋਰ ਵਿਆਹ ਹੋਣਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰਜਤ ਨਾਲ ਮਿਲਣ ਤੋਂ ਰੋਕ ਦਿੱਤਾ ਸੀ, ਰਜਤ ਦਾ ਪਰਿਵਾਰ ਵੀ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸੀ ਅਤੇ ਉਸ ਦਾ ਵਿਆਹ ਕਿਸੇ ਹੋਰ ਔਰਤ ਨਾਲ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਮਿਲਣ 'ਤੇ ਲਗਾ ਦਿੱਤੀ ਸੀ ਪਾਬੰਦੀ
ਸੂਤਰਾਂ ਨੇ ਦੱਸਿਆ, 'ਦੋਹਾਂ ਨੇ ਪਰਿਵਾਰ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ, ਸਗੋਂ ਪਰਿਵਾਰ ਸਖਤ ਹੋ ਗਿਆ। ਜਿਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨੂੰ ਮਿਲਣਾ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਦੋਵਾਂ ਨੇ ਆਪਣੀ ਜਾਨ ਲੈਣ ਦਾ ਫੈਸਲਾ ਕੀਤਾ ਅਤੇ ਮੰਗਲਵਾਰ ਨੂੰ ਇਹ ਕਦਮ ਚੁੱਕਿਆ। ਸੂਤਰਾਂ ਨੇ ਦੱਸਿਆ, 'ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਲੜਕੀ ਦੀ ਮੌਤ ਹੋ ਗਈ। ਬੱਚੀ ਦੀ ਮਾਂ ਨੇ ਰਜਤ 'ਤੇ ਆਪਣੀ ਧੀ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਹੈ। ਮੁਜ਼ੱਫਰਨਗਰ ਥਾਣਾ ਇੰਚਾਰਜ ਜੈਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਵਿਅਕਤੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।'
ਰਿਸ਼ਭ ਪੰਤ ਦੀ ਬਚਾਈ ਸੀ ਜਾਨ
30 ਦਸੰਬਰ, 2022 ਨੂੰ, ਰਜਤ ਅਤੇ ਨੀਸ਼ੂ ਕੁਮਾਰ ਨੇ ਉੱਤਰਾਖੰਡ ਵਿੱਚ ਰੁੜਕੀ ਨੇੜੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਰਿਸ਼ਭ ਪੰਤ ਨੂੰ ਸੜਦੀ ਹੋਈ ਗੱਡੀ ਵਿੱਚੋਂ ਬਚਾਉਣ ਵਿੱਚ ਮਦਦ ਕੀਤੀ। ਭਾਰਤੀ ਕ੍ਰਿਕਟਰ ਨੂੰ ਗੰਭੀਰ ਸੱਟਾਂ ਲੱਗੀਆਂ, ਪਰ ਹਾਦਸੇ 'ਚ ਚਮਤਕਾਰੀ ਢੰਗ ਨਾਲ ਵਾਲ-ਵਾਲ ਬਚ ਗਏ। ਧੰਨਵਾਦ ਦੇ ਚਿੰਨ੍ਹ ਵਜੋਂ, ਪੰਤ ਨੇ ਰਜਤ ਅਤੇ ਕੁਮਾਰ ਨੂੰ ਇੱਕ-ਇੱਕ ਸਕੂਟਰ ਗਿਫਟ ਕੀਤਾ ਸੀ।