ਲੁਧਿਆਣਾ : ਮੰਗਲਵਾਰ ਰਾਤ ਨੂੰ ਖੰਨਾ ਦੇ ਨੇੜੇ ਪਿੰਡ ਰੋਹਣੋਂ ਖੁਰਦ ਵਿਖੇ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ 'ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਪਰਾਲੀ ਨੂੰ ਲੱਗੀ ਅੱਗ ਹਾਲੇ ਤੱਕ ਵੀ ਧੁਖ ਰਹੀ ਹੈ। ਜਿਸ ਕਾਰਨ ਪਿੰਡ ਵਿੱਚ ਡਰ ਦਾ ਮਹੌਲ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਅੱਗ ਕਾਰਨ ਹੁਣ ਤੱਕ ਲਗਭਗ 25 ਲੱਖ ਰੁਪਏ ਦੀ ਪਰਾਲੀ ਸੜ ਕੇ ਸੁਆਹ ਹੋ ਗਈ ਹੈ। ਦੂਜੇ ਪਾਸੇ, ਫਾਇਰ ਬ੍ਰਿਗੇਡ ਵਿਭਾਗ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਵੀ ਗੁੱਸਾ ਦੇਖਿਆ ਗਿਆ।
ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀ ਕੰਮ
ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ,' ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਕੰਮ ਸ਼ੁਰੂ ਕੀਤਾ ਸੀ। ਪਰਾਲੀ ਪ੍ਰਬੰਧਨ ਵਿੱਚ ਯੋਗਦਾਨ ਪਾਉਣ ਦੇ ਉਦੇਸ਼ ਨਾਲ, ਉਸ ਨੇ ਪਰਾਲੀ ਨੂੰ ਸੰਭਾਲਣ ਦਾ ਕੰਮ ਸ਼ੁਰੂ ਕੀਤਾ। ਉਹ ਪਿੰਡਾਂ ਵਿੱਚੋਂ ਪਰਾਲੀ ਇਕੱਠੀ ਕਰਦੇ ਹਨ ਅਤੇ ਇਸ ਨੂੰ ਅੱਗੇ ਫੈਕਟਰੀ ਵਿੱਚ ਭੇਜਦੇ ਹਨ। ਫੈਕਟਰੀ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਪਰ ਇਸ ਅੱਗ ਕਾਰਨ ਉਸ ਦੀ 25 ਲੱਖ ਰੁਪਏ ਦੀ ਪਰਾਲੀ ਸੜ ਕੇ ਸੁਆਹ ਹੋ ਗਿਆ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਅਤੇ ਉਨ੍ਹਾਂ ਦੀ ਸਾਰ ਨਹੀਂ ਲਈ।'
ਰਿਹਾਇਸ਼ੀ ਇਲਾਕਾ ਅਤੇ ਨੇੜੇ ਗੁਰਦੁਆਰਾ ਸਾਹਿਬ
ਇਹ ਘਟਨਾ ਪਿੰਡ ਦੇ ਵਿਚਕਾਰ ਵਾਪਰੀ। ਨੇੜੇ ਹੀ ਇੱਕ ਰਿਹਾਇਸ਼ੀ ਇਲਾਕਾ ਅਤੇ ਗੁਰਦੁਆਰਾ ਸਾਹਿਬ ਹੈ। ਜਿਸ ਕਾਰਨ ਪਿੰਡ ਵਿੱਚ ਡਰ ਦਾ ਮਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲੇ ਦਿਨ 5-6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਪਰ ਉਸ ਤੋਂ ਬਾਅਦ ਕੋਈ ਗੱਡੀ ਨਹੀਂ ਆਈ। ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣਾ ਫਾਇਰ ਬ੍ਰਿਗੇਡ ਦਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਰਿਵਾਰ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ।
- ਕੇਂਦਰ ਅਤੇ ਕਿਸਾਨਾਂ ਵਿਚਕਾਰ ਪੰਜਵੇਂ ਗੇੜ ਦੀ ਬੈਠਕ ਸ਼ੁਰੂ, ਐਂਬੂਲੈਂਸ ਰਾਹੀਂ ਆਕੇ ਜਗਜੀਤ ਡੱਲੇਵਾਲ ਵੀ ਹੋਏ ਮੀਟਿੰਗ 'ਚ ਸ਼ਾਮਿਲ
- "ਲਖਪਤੀ ਦੀਦੀ" ਵਜੋਂ ਸਨਮਾਨਿਤ ਹੋਈ ਪਿੰਡ ਪੱਕਾ ਕਲਾਂ ਦੀ ਰੁਪਿੰਦਰ ਕੌਰ, ਹੋਰਨਾਂ ਔਰਤਾਂ ਲਈ ਬਣੀ ਪ੍ਰੇਰਣਾ ਦਾ ਸਰੋਤ
- ਡਰੋਨ ਜ਼ਰੀਏ ਸਰਹੱਦ ਪਾਰ ਤੋਂ ਆਈ 30 ਕਿੱਲੋ ਹੈਰੋਇਨ ਸਣੇ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ, 2025 ਦੀ ਸੱਭ ਤੋਂ ਵੱਡੀ ਬਰਾਮਦਗੀ