ਅੰਮ੍ਰਿਤਸਰ : ਅਮਰੀਕਾ ਸਰਕਾਰ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਜਿਸ ਵਿੱਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਨੌਜਵਾਨ ਦਲੇਰ ਸਿੰਘ ਵੀ ਸ਼ਾਮਿਲ ਸੀ। ਦਲੇਰ ਸਿੰਘ 60 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ। ਜਿੱਥੇ ਏਜੰਟ ਵੱਲੋਂ ਗਲਤ ਤਰੀਕੇ ਦੇ ਨਾਲ ਦਲੇਰ ਸਿੰਘ ਨੂੰ ਅਮਰੀਕਾ ਭੇਜ ਦਿੱਤਾ ਗਿਆ ਸੀ ਅਤੇ ਹੁਣ ਦਲੇਰ ਸਿੰਘ ਡਿਪੋਰਟ ਹੋ ਕੇ ਘਰ ਪਹੁੰਚੇ ਹਨ। ਜਿਸ ਤੋਂ ਬਾਅਦ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਦਖਲ ਤੋਂ ਬਾਅਦ ਪੁਲਿਸ ਵੱਲੋਂ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਏਜੰਟ ਸਤਨਾਮ ਸਿੰਘ 'ਤੇ FIR ਦਰਜ
ਹੁਣ ਰਾਜਾਸਾਂਸੀ ਪੁਲਿਸ ਦੇ ਅਡੀਸ਼ਨਲ ਐਸਐਚਓ ਪਰਮਜੀਤ ਸਿੰਘ ਵੱਲੋਂ ਅਜਨਾਲਾ ਵਿਖੇ ਸਤਨਾਮ ਸਿੰਘ ਦੇ ਦਫ਼ਤਰ ਨੂੰ ਸੀਲ ਕੀਤਾ ਗਿਆ ਹੈ। ਪੁਲਿਸ ਨੇ ਸਤਨਾਮ ਸਿੰਘ ਦੇ ਦਫ਼ਤਰ ਵਿੱਚੋਂ ਲੈਪਟਾਪ, ਜ਼ਰੂਰੀ ਕਾਗਜ਼ਾਤ ਅਤੇ ਪਾਸਪੋਰਟ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਤੇ ਏਜੰਟ ਸਤਨਾਮ ਸਿੰਘ ਖ਼ਿਲਾਫ਼ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਰੈਵਲ ਏਜੰਟ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘੱਲਿਆ ਸੀ ਅਮਰੀਕਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ, 'ਅਮਰੀਕਾ ਤੋਂ ਡਿਪੋਰਟ ਹੋਏ ਦਲੇਰ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਟਰੈਵਲ ਏਜੰਟ ਵੱਲੋਂ 60 ਲੱਖ ਰੁਪਏ ਲੈ ਕੇ ਗਲਤ ਤਰੀਕੇ ਨਾਲ ਅਮਰੀਕਾ ਭੇਜਿਆ ਗਿਆ ਸੀ। ਜਿਸ ਦੇ ਚਲਦੇ ਪੁਲਿਸ ਵੱਲੋਂ ਉਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਜਿਹੜੇ ਟਰੈਵਲ ਏਜੰਟ ਹਨ, ਜਿਹੜੇ ਗਲਤ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਦੇ ਹਨ। ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਵੇਗੀ ਤਾਂ ਉਸ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਨੂੰ ਕਾਬੂ ਕਰਨ ਵਾਸਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜਿਹੜੀਆਂ ਛਾਪੇਮਾਰੀ ਕਰ ਰਹੀਆਂ ਹਨ,'।