ਤਰਨਤਾਰਨ : ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ C 17 ਜਹਾਜ਼ ਰਾਹੀਂ ਭੇਜਿਆ ਹੈ। ਜਿਸ ਵਿਚ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦਾ ਨੌਜਵਾਨ ਵੀ ਸ਼ਾਮਿਲ ਹੈ ਜਿਸ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ। ਆਓ ਜਾਣਦੇ ਹਾਂ ਮਨਦੀਪ ਸਿੰਘ ਨਾਲ ਹੋਏ ਜ਼ੁਲਮਾਂ ਦੀ ਦਾਸਤਾਨ...
'ਡੌਂਕੀ ਲਗਵਾਉਣ ਵਾਲੇ ਏਜੰਟ ਨੇ ਲਏ 22 ਲੱਖ ਰੁਪਏ'
ਅਮਰੀਕਾ ਤੋਂ ਦੇਸ਼ ਨਿਕਾਲਾ ਹੋਕੇ ਆਏ ਮਨਦੀਪ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ। ਜਿਸ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਸਪੇਨ ਤੋਂ ਉਸ ਨੇ ਆਪਣੇ ਹੀ ਪਿੰਡ ਦੇ ਏਜੰਟ ਨਾਲ ਅਮਰੀਕਾ ਜਾਣ ਲਈ ਗੱਲ ਕੀਤੀ ਸੀ। ਜਿਸ ਤੋਂ ਬਾਅਦ ਡੌਂਕੀ ਲਗਵਾਉਣ ਵਾਲੇ ਏਜੰਟ ਵੱਲੋਂ ਉਸ ਤੋਂ 22 ਲੱਖ ਰੁਪਏ ਲਏ ਗਏ ਸਨ ਅਤੇ ਏਜੰਟ ਨੇ ਕਿਹਾ ਸੀ ਕਿ 15 ਦਿਨ ਦੇ ਵਿੱਚ ਤੁਸੀਂ ਅਮਰੀਕਾ ਪਹੁੰਚ ਜਾਓਗੇ। ਮਨਦੀਪ ਸਿੰਘ ਨੇ ਕਿਹਾ ਕਿ ਡੌਂਕਰਾਂ ਵੱਲੋਂ ਰਸਤੇ ਵਿੱਚ ਉਨ੍ਹਾਂ ਉੱਤੇ ਬਹੁਤ ਜ਼ੁਲਮ ਕੀਤੇ ਗਏ, ਜਿਸ ਨਾਲ ਉਨ੍ਹਾਂ ਨੂੰ ਰਸਤੇ ਵਿੱਚ ਹੀ ਦੋ ਮਹੀਨੇ ਲੱਗ ਗਏ।
![YOUNG MAN DEPORTED FROM AMERICA](https://etvbharatimages.akamaized.net/etvbharat/prod-images/07-02-2025/23494615_jhj.png)
'ਫਲੱਸ਼ ਵਾਲੀ ਟੈਂਕੀ ਦਾ ਪਾਣੀ ਪੀਣ ਲਈ ਹੋਏ ਮਜ਼ਬੂਰ'
ਇਸ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਏਜੰਟ ਵੱਲੋਂ ਅੱਗੇ ਡੌਂਕਰਾਂ ਨੂੰ ਪੈਸੇ ਨਾ ਦੇਣ ਕਾਰਨ ਡੌਂਕਰਾਂ ਵੱਲੋਂ ਉਸ ਨੂੰ ਕੈਦ ਰੱਖ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਡੌਂਕਰਾਂ ਵੱਲੋਂ ਉਸ ਨੂੰ ਖਾਣਾ ਤੱਕ ਨਹੀਂ ਦਿੱਤਾ ਗਿਆ ਅਤੇ ਮਜ਼ਬੂਰੀ ਵੱਸ ਉਸ ਨੂੰ ਕਈ ਵਾਰ ਫਲੱਸ਼ ਵਾਲੀ ਟੈਂਕੀ ਦਾ ਪਾਣੀ ਤੱਕ ਪੀਣਾ ਪਿਆ। ਇਸ ਤੋਂ ਅੱਗੇ ਉਸ ਨੇ ਦੱਸਿਆ ਕਿ ਸਾਡੇ ਸਾਰੇ ਪੈਸੇ ਖੋਹ ਲਏ ਗਏ, ਸਾਡੇ ਪਾਸਪੋਰਟ ਖੋਹ ਕੇ ਵੀ ਉਨ੍ਹਾਂ ਨੇ ਆਪਣੇ ਕੋਲ ਰੱਖ ਲਏ ਸੀ। ਸਾਡੇ ਗਲਾਂ ਵਿੱਚ ਪਾਈਆਂ ਚੈਨੀਆਂ ਵੀ ਲਾਹ ਲਈਆਂ ਗਈ, ਇਸ ਦੇ ਨਾਲ ਸਾਡੇ ਕੋਲ ਜੋ ਵੀ ਕੀਮਤੀ ਸਮਾਨ ਸੀ ਸਾਰਾ ਖੋਹ ਲਿਆ ਗਿਆ। ਕੁੱਟਮਾਰ ਕਰਦੇ ਹੋਏ ਉਨ੍ਹਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਕਿ ਆਪਣੇ ਬੌਸ ਨੂੰ ਕਾਲ ਕਰੋ ਸਾਨੂੰ ਬੱਸ ਪੈਸੇ ਚਾਹੀਦੇ ਹਨ। ਮਨਦੀਪ ਸਿੰਘ ਨੇ ਦੱਸਿਆ ਕਿ ਇਹ ਸਾਰਾ ਕੁਝ ਏਜੰਟ ਦੇ ਕਾਰਨ ਹੋਇਆ ਸੀ।
ਏਜੰਟ ਵੱਲੋਂ ਡੌਂਕਰਾਂ ਨੂੰ ਪੈਸੇ ਨਾ ਦੇਣ ਕਾਰਨ ਉਨ੍ਹਾਂ ਨੇ ਸਾਨੂੰ ਕੈਦ ਕਰ ਲਿਆ। ਸਾਡੀ ਲਗਾਤਾਰ ਬੇਰਹਿਮੀ ਨਾਲ ਕੁੱਟਮਾਰ ਹੁੰਦੀ ਰਹੀ। ਸਾਡਾ ਸਾਰਾ ਸਮਾਨ ਵੀ ਖੋਹ ਲਿਆ ਗਿਆ। ਪੈਸੇ, ਪਾਸਪੋਰਟ, ਗਲੇ ਵਿੱਚ ਪਾਈਆਂ ਚੈਨੀਆਂ ਤੇ ਨਾਲ ਹੋਰ ਵੀ ਕੀਮਤੀ ਸਮਾਨ ਖੋਹ ਲਿਆ ਗਿਆ। ਸਾਨੂੰ ਖਾਣਾ ਵੀ ਨਹੀਂ ਦਿੱਤਾ ਗਿਆ, ਪਾਣੀ ਪੀ ਕੇ ਗੁਜ਼ਾਰਾ ਕਰਨਾ ਪਿਆ। ਬੱਸ ਸਾਡੇ ਸਿਰ 'ਤੇ ਗੰਨ ਰੱਖ ਕੇ ਸਾਡੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ। ਇੰਨ੍ਹਾਂ ਹੀ ਬੱਸ ਨਹੀਂ ਸਾਨੂੰ ਪਾਣੀ ਤੱਕ ਮਿਲਣਾ ਬੰਦ ਹੋ ਗਿਆ ਜਿਸ ਕਾਰਨ ਅਸੀਂ ਫਲੱਸ਼ ਦੀ ਟੈਂਕੀ ਵਾਲਾ ਪਾਣੀ ਪੀਣ ਲਈ ਮਜਬੂਰ ਹੋ ਗਏ, ਅਸੀਂ ਫਲੱਸ਼ ਵਾਲੀ ਟੈਂਕੀ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ। -ਮਨਦੀਪ ਸਿੰਘ
![YOUNG MAN DEPORTED FROM AMERICA](https://etvbharatimages.akamaized.net/etvbharat/prod-images/07-02-2025/23494615_hgh.png)
'6 ਮੁੰਡਿਆਂ ਨੇ ਆਪਣੇ ਘਰੋਂ ਪੈਸੇ ਮੰਗਵਾਏ ਅਤੇ ਉਹ ਉਸ ਕੈਦ ਵਿੱਚੋਂ ਨਿਕਲ ਗਏ'
ਇਸ ਤੋਂ ਅੱਗੇ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਨਾਲ ਫੜ੍ਹੇ ਗਏ 6 ਮੁੰਡਿਆਂ ਨੇ ਆਪਣੇ ਘਰੋਂ ਪੈਸੇ ਮੰਗਵਾਏ ਅਤੇ ਉਹ ਉਸ ਕੈਦ ਵਿੱਚੋਂ ਨਿਕਲ ਗਏ ਸਨ। ਜਿਸ ਤੋਂ ਬਾਅਦ ਅਸੀਂ ਤਿੰਨ ਜਣੇ ਉੱਥੇ ਹੀ ਫਸੇ ਰਹੇ। ਮੇਰੇ ਨਾਲ ਇੱਕ ਪਾਕਿਸਤਾਨ ਦਾ ਮੁੰਡਾ ਅਤੇ ਇੱਕ ਯੂਪੀ ਦਾ ਸੀ। ਅਸੀਂ ਏਜੰਟ ਵੱਲੋਂ ਕੀਤੇ ਗਏ ਧੋਖੇ ਕਾਰਨ 14 ਦਿਨ ਉੱਥੇ ਹੀ ਫਸੇ ਰਹੇ। ਇਸ ਤੋਂ ਅੱਗੇ ਮਨਦੀਪ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਘਰ ਫੋਨ ਕਰਕੇ ਆਪਣੇ ਘਰਦਿਆਂ ਨੂੰ ਸਾਰੀ ਹੱਡਬੀਤੀ ਦੱਸੀ ਕਿ ਕਿਸੇ ਵੀ ਹਾਲਤ ਵਿੱਚ ਮੈਨੂੰ ਇੱਥੋਂ ਕੱਢ ਲਓ। ਇੱਥੇ ਰੋਜ਼ ਮੈਨੂੰ ਬੁਰੀ ਤਰ੍ਹਾਂ ਕੁੱਟਿਆਂ ਜਾਂਦਾ ਹੈ, ਇਨ੍ਹਾਂ ਵੱਲੋਂ ਮੇਰੇ ਮੱਥੇ 'ਤੇ ਗੰਨ ਰੱਖੀ ਹੁੰਦੀ ਹੈ ਅਤੇ ਮੇਰੀ ਵੀਡੀਓ ਬਣਾਈ ਜਾਂਦੀ ਹੈ। ਜਿਸ ਤੋਂ ਬਾਅਦ ਮੇਰੇ ਘਰਦਿਆਂ ਨੇ ਕਿਵੇਂ ਨਾ ਕਿਵੇਂ ਕਰਕੇ ਇੱਕ ਹੋਰ ਏਜੰਟ ਕੀਤਾ ਜਿਸ ਨੇ ਉਸ ਨੂੰ ਇੱਕ ਹਫਤੇ ਵਿੱਚ ਹੀ ਬਾਰਡਰ ਪਾਰ ਕਰਵਾਇਆ ਅਤੇ ਪਾਰ ਜਾਂਦੇ ਹੀ 22 ਜਨਵਰੀ ਨੂੰ ਫੜ੍ਹੇ ਗਏ ਅਤੇ ਸਾਨੂੰ ਡਿਪੋਰਟ ਕਰ ਦਿੱਤਾ ਗਿਆ।
ਠੱਗੀ ਮਾਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਇਸ ਤੋਂ ਅੱਗੇ ਮਨਦੀਪ ਸਿੰਘ ਨੇ ਕਿਹਾ ਕਿ ਮੈਨੂੰ ਹੋਰ ਪੰਜਾਬੀਆਂ ਨਾਲ ਕੈਂਪ ਵਿੱਚ ਬੇੜੀਆਂ ਨਾਲ ਜਕੜ ਕੇ ਰੱਖਿਆ ਗਿਆ। ਜਿਸ ਤੋਂ ਬਾਅਦ ਜਹਾਜ਼ ਰਾਹੀਂ ਉਨ੍ਹਾਂ ਨੂੰ ਆਪਣੇ ਘਰ ਪਹੁੰਚਾ ਦਿੱਤਾ ਗਿਆ। ਪੀੜਤ ਮਨਦੀਪ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨਾਲ ਠੱਗੀ ਮਾਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।