ਬਰਨਾਲਾ: ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿਖੇ ਵੇਟ ਲਿਫਟਿੰਗ ਦੀ ਤਿਆਰੀ ਕਰਨ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਅਤੇ ਐਥਲੀਟ ਹਿਨਾ ਨੇ 38ਵੀਆਂ ਨੈਸ਼ਨਲ ਖੇਡਾਂ ਵਿੱਚ ਵੇਟ ਲਿਫਟਿੰਗ 'ਚੋਂ ਚਾਂਦੀ ਦਾ ਤਗ਼ਮਾ ਹਾਸਲ ਕਰਕੇ ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਇਸ ਖਿਡਾਰਨ ਦੀ ਪ੍ਰਾਪਤੀ 'ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਮੁਬਾਰਕ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਿਨਾ ਜਿਹੇ ਖਿਡਾਰੀ ਜ਼ਿਲ੍ਹੇ ਦਾ ਮਾਣ ਹਨ, ਜੋ ਕਿ ਨੌਜਵਾਨਾਂ ਨੂੰ ਚੰਗੀ ਸੇਧ ਦੇ ਰਹੇ ਹਨ।
ਸਰਕਾਰ ਵੱਲੋਂ ਖਿਡਾਰੀਆਂ ਦੀ ਰਿਹਾਇਸ਼ ਅਤੇ ਡਾਈਟ ਮੁਫ਼ਤ
ਜ਼ਿਕਰਯੋਗ ਹੈ ਕਿ ਹਿਨਾ (ਉਮਰ 18 ਸਾਲ) ਪੁੱਤਰੀ ਅਸ਼ੋਕ ਕੁਮਾਰ ਨੇ ਦੇਹਰਾਦੂਨ (ਉੱਤਰਾਖੰਡ) ਵਿੱਚ 38ਵੀਆਂ ਨੈਸ਼ਨਲ ਖੇਡਾਂ ਵਿੱਚ 76 ਕਿੱਲੋ ਭਾਰ ਵਰਗ ਵਿੱਚ ਖੇਡਦੇ ਹੋਏ 208 ਕਿਲੋ ਭਾਰ ਚੁੱਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਖੇਡ ਮੰਤਰੀ ਪੰਜਾਬ ਹੁੰਦੇ ਹੋਏ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀਆਈਐੱਸ) ਦਾ ਸੈਂਟਰ ਇੱਥੇ ਐਲ.ਬੀ.ਐੱਸ ਕਾਲਜ ਵਿੱਚ ਸ਼ੁਰੂ ਕਰਵਾਇਆ ਗਿਆ, ਜਿੱਥੇ ਸਰਕਾਰ ਵੱਲੋਂ ਖਿਡਾਰੀਆਂ ਦੀ ਰਿਹਾਇਸ਼ ਅਤੇ ਡਾਈਟ ਮੁਫ਼ਤ ਹੈ। ਹਿਨਾ ਪੀਆਈਐੱਸ ਸੈਂਟਰ ਦੀ ਖਿਡਾਰਨ ਹੈ, ਜੋ ਕਿ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਉਨ੍ਹਾਂ ਅਧੀਨ ਤਿਆਰੀ ਕਰਦੀ ਹੈ ਅਤੇ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ।
ਓਵਰਆਲ ਉਮਰ ਵਰਗ ਵਿੱਚ ਮੈਡਲ ਜਿੱਤੇ
ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ''ਇਹ ਖਿਡਾਰਨ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਹਿਨਾ ਨੇ ਜੂਨੀਅਰ ਹੁੰਦੇ ਹੋਏ ਵੀ ਓਵਰਆਲ ਉਮਰ ਵਰਗ ਵਿੱਚ ਸੀਨੀਅਰ ਕੈਟਾਗਿਰੀ ਅੰਦਰ ਮੈਡਲ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ ਹਿਨਾ ਨੇ ਰਿਕਾਰਡ ਬਣਾਇਆ ਸੀ।''
ਰਾਸ਼ਟਰਮੰਡਲ ਖੇਡਾਂ ਦੀ ਤਿਆਰੀ
ਖਿਡਾਰਨ ਹਿਨਾ ਨੇ ਦੱਸਿਆ ਕਿ ''ਮੈਡਮ ਉਮੇਸ਼ਵਰੀ ਸ਼ਰਮਾ ਤੋਂ ਕੋਚਿੰਗ ਲਈ ਰਹੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਿੱਦਤ ਨਾਲ ਤਿਆਰੀ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਨਿਲ ਸਿੰਘ ਵੀ ਵੇਟਲਿਫਟਰ ਹੈ ਜੋ ਕਿ ਉਸ ਲਈ ਵੱਡੀ ਪ੍ਰੇਰਨਾ ਹੈ। ਹਿਨਾ ਨੇ ਦੱਸਿਆ ਕਿ ਹੁਣ ਉਹ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਵਿੱਚ ਜੁਟ ਗਈ ਹੈ।''