ਗੁਹਾਟੀ : ਅਮਰੀਕਾ ਨੇ 100 ਤੋਂ ਵੱਧ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ, ਇੱਕ ਅਮਰੀਕੀ ਫੌਜੀ ਜਹਾਜ਼ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਿਆ। ਇਸ ਦੌਰਾਨ ਭਾਰਤ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਇੱਕ ਕੈਨੇਡੀਅਨ ਨਾਗਰਿਕ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਹੈ।
ਟੂਰਿਸਟ ਵੀਜ਼ੇ 'ਤੇ ਅਸਾਮ 'ਚ ਰਹਿ ਰਹੇ ਇਕ ਕੈਨੇਡੀਅਨ ਨਾਗਰਿਕ ਨੂੰ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਧਰਮ ਪਰਿਵਰਤਨ ਦੇ ਇਲਜ਼ਾਮ 'ਚ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਅਸਾਮ ਦੇ ਜੋਰਹਾਟ ਜ਼ਿਲ੍ਹੇ 'ਚ ਬ੍ਰੈਂਡਨ ਜੋਏਲ ਡੇਵੇਲਟ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ।
17 ਜਨਵਰੀ ਨੂੰ ਖ਼ਤਮ ਹੋ ਗਈ ਸੀ ਵੀਜ਼ੇ ਦੀ ਮਿਆਦ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਵੀਜ਼ਾ 17 ਜਨਵਰੀ ਨੂੰ ਖਤਮ ਹੋ ਗਿਆ ਸੀ। ਜੋਰਹਾਟ ਦੇ ਪੁਲਿਸ ਸੁਪਰਡੈਂਟ (ਐਸਪੀ) ਸ਼ਵੇਤੰਕ ਮਿਸ਼ਰਾ ਨੇ ਕਿਹਾ, "ਬ੍ਰੈਂਡਨ ਨੇ ਵੀਜ਼ਾ ਰੈਨਿਊਲ ਲਈ ਅਰਜ਼ੀ ਦਿੱਤੀ ਸੀ ਪਰ ਪੁਲਿਸ ਨੂੰ ਉਸ ਦੇ ਕਥਿਤ ਤੌਰ 'ਤੇ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਸ਼ਿਕਾਇਤ ਮਿਲੀ ਸੀ, ਰਿਪੋਰਟ ਦੇ ਅਨੁਸਾਰ, ਕਥਿਤ ਤੌਰ 'ਤੇ ਧਰਮ ਪਰਿਵਰਤਨ ਲਈ ਮਜਬੂਰ ਕੀਤੇ ਗਏ ਕੁਝ ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।"
ਧਰਮ ਪਰਿਵਰਤਨ ਦਾ ਇਲਜ਼ਾਮ
ਮਿਸ਼ਰਾ ਨੇ ਕਿਹਾ ਕਿ,' ਬ੍ਰੈਂਡਨ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਅਤੇ ਜੋਰਹਾਟ ਦੇ ਮਿਸ਼ਨ ਕੈਂਪਸ ਵਿੱਚ ਗ੍ਰੇਸ ਚਰਚ ਤੋਂ ਕੰਮ ਕਰ ਰਿਹਾ ਸੀ। ਉਹ ਸਥਾਨਕ ਲੋਕਾਂ ਨੂੰ ਧਰਮ ਬਦਲਣ ਲਈ ਆਕਰਸ਼ਿਤ ਕਰਨ ਲਈ ਇੱਕ ਯੂ-ਟਿਊਬ ਚੈਨਲ ਵੀ ਚਲਾ ਰਿਹਾ ਸੀ। ਹਾਲਾਂਕਿ ਯੂਟਿਊਬ ਚੈਨਲ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਪਰ ਸਾਨੂੰ ਉਸ ਦੇ ਖਿਲਾਫ ਕਾਫੀ ਸਬੂਤ ਮਿਲੇ ਹਨ, ਅਤੇ ਉਸ ਅਨੁਸਾਰ ਕਾਰਵਾਈ ਕੀਤੀ ਗਈ ਹੈ,'।
ਵੀਜ਼ਾ ਉਲੰਘਣਾ ਬਾਰੇ ਸੁਚੇਤ ਕਰਦਿਆਂ, ਕੋਲਕਾਤਾ ਵਿੱਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਨੇ ਇੱਕ ਨੋਟਿਸ ਜਾਰੀ ਕਰਕੇ ਬ੍ਰੈਂਡਨ ਨੂੰ ਤੁਰੰਤ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ। ਐਸਪੀ ਨੇ ਸ਼ੁੱਕਰਵਾਰ ਨੂੰ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ, "ਉਸਨੂੰ ਜੋਰਹਾਟ ਪੁਲਿਸ ਅਧਿਕਾਰੀ ਦੁਆਰਾ ਕੋਲਕਾਤਾ ਹਵਾਈ ਅੱਡੇ ਅਤੇ ਫਿਰ 6 ਫਰਵਰੀ ਨੂੰ ਦਿੱਲੀ ਲਿਜਾਇਆ ਗਿਆ। ਸ਼ੁੱਕਰਵਾਰ ਦੀ ਸਵੇਰ ਨੂੰ, ਆਖਿਰਕਾਰ ਉਸ ਨੂੰ ਟੋਰਾਂਟੋ ਲਈ ਜਹਾਜ ਵਿੱਚ ਬਿਠਾ ਦਿੱਤਾ ਗਿਆ,'।
ਰਿਪੋਰਟਾਂ ਦੇ ਅਨੁਸਾਰ 2022 ਵਿੱਚ, ਸੱਤ ਜਰਮਨ ਨਾਗਰਿਕਾਂ ਅਤੇ ਤਿੰਨ ਸਵੀਡਿਸ਼ ਨਾਗਰਿਕਾਂ ਨੂੰ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਅਸਾਮ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਉਹ ਟੂਰਿਸਟ ਵੀਜ਼ੇ 'ਤੇ ਅਸਾਮ 'ਚ ਸਨ ਪਰ ਧਰਮ ਪਰਿਵਰਤਨ ਕਰਦੇ ਪਾਏ ਗਏ, ਜੋ ਕਿ ਭਾਰਤ 'ਚ ਗੈਰ-ਕਾਨੂੰਨੀ ਹੈ। ਫਿਲਹਾਲ ਇਸ ਮਾਮਲੇ 'ਚ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਤੋਂ ਕੋਈ ਜਵਾਬ ਨਹੀਂ ਆਇਆ ਹੈ।