ਚੰਡੀਗੜ੍ਹ: ਅੱਜ ਰਿਲੀਜ਼ ਹੋਈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਇੰਨੀ ਦਿਨੀਂ ਅਪਣੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਖਾਸੇ ਆਕਰਸ਼ਣ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਵਿੱਚੋਂ ਹੀ ਇੱਕ ਅਹਿਮ ਪੱਖ ਵਜੋਂ ਸਾਹਮਣੇ ਆਉਣ ਜਾ ਰਿਹਾ ਹੈ ਬਾਲ ਕਲਾਕਾਰ ਅਰਹਾਨ ਕੌਸ਼ਲ, ਜਿਸ ਦੇ ਇਸ ਫਿਲਮ ਵਿਚਲੇ ਸਾਹਮਣੇ ਆਏ ਪ੍ਰੀ-ਕਿਰਦਾਰ ਲੁੱਕ ਨੂੰ ਚਾਰੇ-ਪਾਸੇ ਤੋਂ ਭਰਵੀਂ ਸਲਾਹੁਤਾ ਮਿਲ ਰਹੀ ਹੈ।
ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਤ ਇਹ ਹੋਣਹਾਰ ਬਾਲਕ ਅੱਜਕੱਲ੍ਹ ਆਸਟ੍ਰੇਲੀਆ ਵਿੱਚ ਪੰਜਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ, ਇਹ ਪ੍ਰਤਿਭਾਵਾਨ ਬੱਚਾ ਉਕਤ ਫਿਲਮ ਨਾਲ ਅਪਣੀ ਪਹਿਲੀ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਨਜ਼ਰੀ ਆ ਰਿਹਾ ਹੈ।
ਆਸਟ੍ਰੇਲੀਆ ਵਿਖੇ ਸੰਪੰਨ ਹੋਏ ਉਕਤ ਫਿਲਮ ਦੇ ਪ੍ਰੀਮੀਅਰ ਦੌਰਾਨ ਉਪ-ਸਥਿਤ ਕਲਾ ਅਤੇ ਫਿਲਮੀ ਸ਼ਖਸੀਅਤਾਂ ਵੱਲੋਂ ਇਸ ਬੱਚੇ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ, ਜਿਸ ਦੌਰਾਨ ਮਿਲੀ ਹੌਂਸਲਾ ਅਫਜ਼ਾਈ ਤੋਂ ਕਾਫ਼ੀ ਖੁਸ਼ ਵਿਖਾਈ ਦੇ ਰਹੇ ਇਸ ਅਦਾਕਾਰ ਨੇ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਵੀ ਖੁੱਲ੍ਹ ਕੇ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਲ ਅਦਾਕਾਰ ਅਰਹਾਨ ਕੌਸ਼ਲ ਨੇ ਕਿਹਾ ਕਿ ਉਹ ਉਕਤ ਅਰਥ-ਭਰਪੂਰ ਫਿਲਮ ਦਾ ਹਿੱਸਾ ਬਣ ਕਾਫੀ ਮਾਣ ਮਹਿਸੂਸ ਕਰ ਰਿਹਾ ਹੈ, ਜਿਸ ਵਿੱਚ ਉਸ ਨੂੰ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਦਾ ਮੌਕਾ ਮਿਲਿਆ।
ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਇਸ ਸ਼ਾਨਦਾਰ ਅਦਾਕਾਰ ਨੇ ਕਿਹਾ ਕਿ ਉਹ ਕੁਝ ਹੋਰ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ, ਕਿਉਂਕਿ ਉਸ ਦਾ ਉਕਤ ਫਿਲਮ ਕਰਨ ਦਾ ਤਜ਼ਰਬਾ ਬੇਹੱਦ ਯਾਦਗਾਰੀ ਰਿਹਾ ਹੈ।
ਐਜੂਕੇਸ਼ਨ ਉਪਰ ਆਧਾਰਿਤ ਤਾਣੇ-ਬਾਣੇ ਅਧੀਨ ਬੁਣੀ ਗਈ ਉਕਤ ਦਿਲਚਸਪ ਮੰਨੋਰੰਜਕ ਫਿਲਮ ਵਿਚਲੇ ਥੀਮ ਦੀ ਪ੍ਰਤੀਬਿੰਬਤਾ ਕਰਦੇ ਭਾਰਤੀ ਅਤੇ ਆਸਟ੍ਰੇਲੀਅਨ ਸਿੱਖਿਆ ਤੰਤਰ ਨੂੰ ਲੈ ਕੇ ਉਕਤ ਬਾਲ ਅਦਾਕਾਰ ਨੇ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਖੁੱਲ੍ਹਦਿਲੀ ਨਾਲ ਕੀਤਾ, ਜਿਸ ਦੌਰਾਨ ਅਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਅਰਹਾਨ ਨੇ ਕਿਹਾ ਭਾਰਤ ਦਾ ਸਿੱਖਿਆ ਢਾਂਚਾ ਪੂਰੀ ਤਰ੍ਹਾਂ ਕਿਤਾਬੀ ਪੜ੍ਹਾਈ ਉਤੇ ਕੇਂਦਰਿਤ ਹੈ, ਜਦਕਿ ਆਸਟ੍ਰੇਲੀਆ ਪ੍ਰੈਕਟੀਕਲ ਪੜਾਈ ਉਪਰ ਵਿਸ਼ਵਾਸ਼ ਕਰਦਾ ਹੈ ਅਤੇ ਉਹ ਖੁਦ ਵੀ ਇਸੇ ਸਟੱਡੀ ਪੈਟਰਨ ਨੂੰ ਪਸੰਦ ਕਰਦਾ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਇਹ ਬਾਲ ਕਲਾਕਾਰ ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਸੀਮਾ ਕੌਸ਼ਲ ਦਾ ਪੋਤਾ ਹੈ, ਜਿੰਨ੍ਹਾਂ ਬਿਨ੍ਹਾਂ ਪੰਜਾਬੀ ਫਿਲਮ ਦੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ।
ਇਹ ਵੀ ਪੜ੍ਹੋ: