ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਰਾਸਤ ਨੂੰ ਦਰਸਾਉਂਦਾ ਹੋਇਆ ਅਜੈਬ ਘਰ ਪੰਜਾਬ ਦੀ ਪੁਰਾਣੀ ਸੱਭਿਅਤਾ ਅਤੇ ਵਿਰਸੇ ਦੀ ਝਲਕ ਵਿਖਾਉਂਦਾ ਹੈ। ਜਿਸ ਨੂੰ ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 90 ਹਜ਼ਾਰ ਵਿਦਿਆਰਥੀ ਵੇਖ ਚੁੱਕੇ ਹਨ। ਇਸ ਤਰਜ਼ ਉੱਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਮਾਡਰਨ ਟੈਕਨੋਲੋਜੀ ਪਾਰਕ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਇੱਕ ਕਰੋੜ 25 ਲੱਖ ਰੁਪਏ ਦਾ ਫੰਡ ਵੀ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਯੂਨੀਵਰਸਿਟੀ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਮੇਲਾ ਰੂਟ ਉੱਤੇ ਢਾਈ ਏਕੜ ਥਾਂ ਨਿਰਧਾਰਿਤ ਕਰ ਲਈ ਗਈ ਹੈ। ਜਿੱਥੇ ਜਲਦ ਹੀ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੀ ਪੁਸ਼ਟੀ ਖੁਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਕੀਤੀ ਹੈ।
ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਡਾਕਟਰ ਸਤਬੀਰ ਗੋਸਲ ਨੇ ਦੱਸਿਆ ਕਿ ਇਹ ਮਾਡਰਨ ਪਾਰਕ ਸਾਡੇ ਆਉਣ ਵਾਲੇ ਭਵਿੱਖ ਨੂੰ ਦਰਸਾਉਂਦਾ ਹੋਵੇਗਾ। ਉਹਨਾਂ ਕਿਹਾ ਕਿ ਖਾਸ ਕਰਕੇ ਇਸ ਨੂੰ ਕਿਸਾਨ ਮੇਲੇ ਵਾਲੇ ਰੂਰ 'ਤੇ ਬਣਾਇਆ ਜਾਵੇਗਾ ਅਤੇ ਜਦੋਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਤੋਂ ਮੇਲੇ ਦੇ ਦੌਰਾਨ ਕਿਸਾਨ ਯੂਨੀਵਰਸਿਟੀ ਦੇ ਵਿੱਚ ਆਉਣਗੇ ਤਾਂ ਉਹ ਇਹਨਾਂ ਮਾਡਰਨ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਣਗੇ। ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਸੈਂਸਰ ਬੇਸਡ ਟੈਕਨੋਲੋਜੀ ਆਉਣੀ ਹੈ। ਜਿਸ ਵਿੱਚ ਸੈਂਸਰ ਅਧਾਰਿਤ ਸਿੰਜਾ ਵੀ ਸ਼ਾਮਿਲ ਹੈ। ਇਸ ਦੌਰਾਨ ਸੈਂਸਰ ਦੱਸਦੇ ਹਨ ਕਿ ਫੀਲਡ ਦੇ ਵਿੱਚ ਜਾਂ ਖੇਤ ਦੇ ਵਿੱਚ ਕਿੰਨੀ ਨਮੀ ਹੈ, ਉਸ ਦੇ ਆਧਾਰ ਉੱਤੇ ਹੀ ਉਹ ਪਾਣੀ ਛੱਡਦੇ ਹਨ ਤਾਂ ਜੋ ਫਸਲ ਨੂੰ ਜਿੰਨੇ ਪਾਣੀ ਦੀ ਲੋੜ ਹੈ ਉਹ ਪਾਣੀ ਲੱਗ ਸਕੇ।
'ਇਸ ਮਾਡਰਨ ਟੈਕਨੋਲੋਜੀ ਪਾਰਕ ਦੇ ਵਿੱਚ ਬਣਾਏ ਜਾਣਗੇ ਗਰੀਨ ਹਾਊਸ'
ਲੁਧਿਆਣਾ ਦੇ ਵੀਸੀ ਨੇ ਕਿਹਾ ਕਿ ਇਸ ਮਾਡਰਨ ਟੈਕਨੋਲੋਜੀ ਪਾਰਕ ਦੇ ਵਿੱਚ ਗਰੀਨ ਹਾਊਸ ਬਣਾਏ ਜਾਣਗੇ। ਇਸ ਵਿੱਚ ਦਰਸਾਇਆ ਜਾਵੇਗਾ ਕਿ ਮੌਸਮ ਵੀ ਭਵਿੱਖਬਾਣੀ ਪੰਜਾਬ ਵਿੱਚ ਕਿਵੇਂ ਕੀਤੀ ਜਾਂਦੀ ਹੈ, ਜਿੰਨੇ ਵੀ ਪੰਜਾਬ ਦੇ ਵਿੱਚ ਮੌਸਮ ਭਵਿੱਖਵਾਣੀ ਦੇ ਸੈਂਟਰ ਬਣੇ ਹੋਏ ਹਨ ਉਸ ਦਾ ਸਾਰਾ ਡਾਟਾ ਇੱਕ ਜਗ੍ਹਾ ਇਕੱਠਾ ਹੋਇਆ ਕਰੇਗਾ। ਦਿਨ ਵਿੱਚ ਵਿੱਚ ਕਿੰਨਾ ਤਾਪਮਾਨ ਰਹਿੰਦਾ ਹੈ ਅਤੇ ਕਿੰਨਾ ਘੱਟਦਾ ਵੱਧਦਾ ਹੈ ਇਸ ਸਬੰਧੀ ਨਵੀਂ ਤਕਨੀਕ ਪਾਰਕ ਦੇ ਵਿੱਚ ਲਗਾਵਾਂਗੇ।
'ਇਸ ਮਹੀਨੇ ਰੱਖਿਆ ਜਾਵੇਗਾ ਪਾਰਕ ਦਾ ਨੀਹ ਪੱਥਰ'
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸੇ ਮਹੀਨੇ ਇਸ ਪਾਰਕ ਦਾ ਨੀਹ ਪੱਥਰ ਪੰਜਾਬ ਅਤੇ ਸਿੰਧ ਬੈਂਕ ਦੇ ਮੁੱਖ ਮਹਿਮਾਨਾਂ ਨੂੰ ਬੁਲਾ ਕੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਗਰੀ ਪੈਨਲ ਟੈਕਨੋਲਜੀ ਇਸਤੇਮਾਲ ਕੀਤੀ ਜਾਵੇਗੀ। ਅਸੀਂ ਸਾਰਾ ਡਿਜ਼ਾਇਨ ਅਸੀਂ ਬਣਾ ਲਿਆ ਹੈ। ਸਾਰੀ ਟੈਕਨੋਲੋਜੀ ਨੂੰ ਇਸ ਵਿੱਚ ਐਡ ਕੀਤਾ ਜਾਵੇਗਾ। ਜਿਵੇਂ-ਜਿਵੇਂ ਨਵੀਆਂ ਤਕਨੀਕਾਂ ਆਉਂਦੀਆਂ ਰਹਿਣਗੀਆਂ ਉਸ ਨੂੰ ਇਸ ਮਾਡਰਨ ਟੈਕਨੋਲੋਜੀ ਪਾਰਕ ਦੇ ਵਿੱਚ ਐਡ ਕੀਤਾ ਜਾਂਦਾ ਰਹੇਗਾ ਤਾਂ ਜੋ ਇਸ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚ ਸਕੇ। ਉਹਨਾਂ ਕਿਹਾ ਕਿ ਇਸ ਵਿੱਚ ਡਰਾਈਵਰ ਲੈਸ ਆਟੋਮੈਟਿਕ ਟਰੈਕਟਰ ਸਾਰੀਆਂ ਟੈਕਨੋਲੋਜੀ ਦੇ ਨਾਲ ਰੈਗੂਲੇਟ ਹੋਣਗੀਆਂ।