ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿੱਚ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਕੁਝ ਮਹੀਨੇ ਪਹਿਲਾਂ ਦੁਬਈ ਤੋਂ ਆਏ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੰਨ੍ਹੇ ਕਤਲ ਕਾਂਡ ਦੀ ਸੂਚਨਾ ਮਿਲਣ ਉੱਤੇ ਪੁਲਿਸ ਪਾਰਟੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜੀਆਰਪੀ ਪੁਲਿਸ ਬਿਆਸ ਵੱਲੋਂ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਢਾਈ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਭਾਰਤ ਪਰਤਿਆ ਸੀ ਮ੍ਰਿਤਕ ਕਸ਼ਮੀਰ ਸਿੰਘ
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, 'ਮ੍ਰਿਤਕ ਕਸ਼ਮੀਰ ਸਿੰਘ ਬੀਤੇ ਸੱਤ-ਅੱਠ ਸਾਲ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਅਤੇ ਛੇ ਮਹੀਨੇ ਜਾਂ ਸਾਲ ਬਾਅਦ ਉਹ ਵਾਪਸ ਭਾਰਤ ਵੀ ਆਉਂਦਾ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਰੀਬ ਢਾਈ ਤਿੰਨ ਮਹੀਨੇ ਪਹਿਲਾਂ ਹੀ ਮ੍ਰਿਤਕ ਕਸ਼ਮੀਰ ਸਿੰਘ ਦੁਬਈ ਤੋਂ ਵਾਪਸ ਭਾਰਤ ਪਰਤਿਆ ਸੀ। ਇਸ ਦੌਰਾਨ ਬੀਤੀ ਰਾਤ ਜਦੋਂ ਉਹ ਐਕਟਿਵਾ ਦੇ ਉੱਤੇ ਆ ਰਿਹਾ ਸੀ ਤਾਂ ਅੰਮ੍ਰਿਤਸਰ ਦਿੱਲੀ ਮੁੱਖ ਰੇਲ ਮਾਰਗ ਦੇ ਨਜ਼ਦੀਕ ਪੈਂਦੇ ਅੰਡਰ ਪਾਸ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ,'।
ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੀਆਰਪੀ ਪੁਲਿਸ ਚੌਂਕੀ ਬਿਆਸ ਦੇ ਇੰਚਾਰਜ ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਸ਼ਮੀਰ ਸਿੰਘ ਦਾ ਪੁੱਤਰ ਜੋ ਕਿ ਕੱਪੜਿਆਂ ਦੀ ਦੁਕਾਨ ਉੱਤੇ ਕੰਮ ਕਰਦਾ ਸੀ, ਉਹ ਪੈਸਿਆਂ ਦੇ ਲੋਨ ਸਬੰਧੀ ਕੰਮ ਤੋਂ ਵਾਪਿਸ ਆ ਰਿਹਾ ਸੀ। ਉੱਥੇ ਮ੍ਰਿਤਕ ਆਪਣੇ ਪੁੱਤਰ ਨੂੰ ਐਕਟਿਵਾ ਦੀ ਚਾਬੀ ਫੜਾ ਕੇ ਵਾਪਿਸ ਆ ਰਿਹਾ ਸੀ। ਰਸਤੇ ਵਿੱਚ ਰੇਲਵੇ ਟਰੈਕ ਤੋਂ ਥੋੜ੍ਹਾ ਦੂਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਕਸ਼ਮੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਘਟਨਾ ਸਥਾਨ ਉੱਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਲਾਕੇ ਦੇ ਵਿੱਚ ਲੱਗੇ ਹੋਏ ਵੱਖ-ਵੱਖ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇੰਚਾਰਜ ਜਗਦੀਸ਼ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।