ਬਠਿੰਡਾ: ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਹੋਰ ਨੌਜਵਾਨ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆਇਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਸਪਲਾਈ ਕਰਨ ਵਾਲਿਆਂ ਉੱਤੇ ਸਖਤੀ ਵਰਤੀ ਜਾ ਰਹੀ ਹੈ। ਹੁਣ ਤੱਕ ਕਈਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਚੁੱਕਾ ਪਰ ਬਾਵਜੂਦ ਇਸਦੇ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ।
ਚਾਈਨਾ ਡੋਰ ਕਾਰਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ (ETV Bharat) ਨੌਜਵਾਨ ਹੋਇਆ ਗੰਭੀਰ ਜਖ਼ਮੀ
ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨੌਜਵਾਨ ਜਦੋਂ ਆਪਣੇ ਕੰਮ ਉੱਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੇ ਗਲੇ ਵਿੱਚ ਚਾਈਨਾ ਡੋਰ ਲਿਪਟ ਜਾਂਦੀ ਹੈ। ਜਿਸ ਦੇ ਕਾਰਨ ਉਸ ਦੀ ਫੂਡ ਪਾਈਪ ਅਤੇ ਸਾਹ ਨਲੀ ਹੀ ਕੱਟੀ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਕਾਫੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਇੰਨੀ ਸਖ਼ਤੀ ਕੀਤੇ ਜਾਣ ਦੇ ਬਾਵਜੂਦ ਵੀ ਚਾਈਨਾ ਡੋਰ ਦਾ ਵਿਕਣਾ ਆਪਣੇ ਆਪ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜੇ ਕਰਦਾ ਹੈ। ਜਿਸ ਦੇ ਕਾਰਨ ਹੁਣ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਕਾਫੀ ਜ਼ਿਆਦਾ ਦਿੱਕਤਾਂ ਦੇ ਵਿੱਚ ਫਸੀ ਹੋਈ ਹੈ। ਦੱਸ ਦਈਏ ਕਿ ਲਗਾਤਾਰ ਚਾਈਨਾ ਡੋਰ ਦਾ ਕਹਿਰ ਜਾਰੀ ਹੈ। ਪਸ਼ੂ ਪੰਛੀਆਂ ਦੇ ਨਾਲ ਨਾਲ ਇਨਸਾਨੀ ਜਾਨਾਂ ਵੀ ਇਸ ਦੇ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਜਾ ਚੁੱਕੀਆਂ ਹਨ। ਪੁਲਿਸ ਦੀ ਪਬੰਦੀ ਦੇ ਬਾਵਜੂਦ ਵੀ ਇਹ ਵਿਕਦੀ ਨਜ਼ਰ ਆ ਰਹੀ ਹੈ।
ਪੁਲਿਸ ਨੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਪਬੰਦੀਸ਼ੁਦਾ ਡੋਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਰਾਦਾ ਕਤਲ ਦੀਆਂ ਧਰਾਵਾਂ ਤਹਿਤ ਕਾਰਵਾਈ ਉਲੀਕੀ ਜਾਵੇਗੀ।