ਲੁਧਿਆਣਾ: ਟੈਕਸ ਬਚਾਉਣ ਲਈ ਦਿੱਤੇ ਜਾ ਰਹੇ ਗਲਤ ਦਸਤਾਵੇਜਾਂ ਸਬੰਧੀ ਕਾਰਵਾਈ ਤਹਿਤ ਬੀਤੇ ਦਿਨੀਂ ਲੁਧਿਆਣਾ ਵਿਖੇ ਆਮਦਨ ਕਰ ਵਿਭਾਗ ਵੱਲੋਂ ਚਾਰਟਡ ਅਕਾਊਂਟੈਂਟਾਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਜਿੱਥੇ ਬਕਾਇਆ ਪਏ ਕੇਸਾਂ ਬਾਰੇ ਚਰਚਾ ਕੀਤੀ ਅਤੇ ਮਸਲਿਆਂ ਦੇ ਹੱਲ ਲਈ 31 ਜਨਵਰੀ ਤੱਕ ਲੋਕਾਂ ਨੂੰ ਸੁਨਹਿਰੀ ਮੌਕੇ ਦਾ ਫਾਇਦਾ ਚੁੱਕਣ ਦੇ ਲਈ ਆਖਿਆ ਗਿਆ। ਆਮਦਨ ਕਰ ਵਿਭਾਗ ਲੁਧਿਆਣਾ ਦੇ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਹੁਣ ਲੋਕ ਆਪਣੇ ਪੁਰਾਣੇ ਟੈਕਸ ਨਾਲ ਸਬੰਧਿਤ ਵਿਵਾਦ ਨੂੰ ਖਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਭੋਗਤਾ ਜੇਕਰ ਅਸਲ ਵਿੱਚ ਬਣਦਾ ਟੈਕਸ ਅਦਾ ਕਰਦੇ ਹਨ ਤਾਂ ਉਨ੍ਹਾਂ ਦਾ ਬਕਾਇਆ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹੁਣ ਕਿਸੇ ਨੂੰ ਲੇਟ ਫੀਸ ਜਾਂ ਫਿਰ ਹੋਰ ਜੁਰਮਾਨਾ ਆਦੀ ਦੇਣ ਦੀ ਵੀ ਲੋੜ ਨਹੀਂ ਹੋਵੇਗੀ।
ਲੋਕਾਂ ਦੇ ਮਸਲੇ ਜਲਦ ਹੋਣਗੇ ਹੱਲ
ਇਸ ਮੌਕੇ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਟੈਕਸ ਨੂੰ ਸੌਖਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਟੈਕਸ ਭਰਨ ਵਾਲੇ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਮੀਟਿੰਗ ਦਾ ਮਕਸਦ ਵੀ ਮਸਲਿਆਂ ਸਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕਰਨਾ ਹੀ ਹੈ।
ਕਮਿਸ਼ਨਰ ਨੇ ਦਿੱਤੀ ਚਿਤਾਵਨੀ
ਇਸ ਦੌਰਾਨ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਨੇ ਕਿਹਾ ਕਿ ਟੈਕਸ ਨੂੰ ਸੌਖਾ ਕਰਨ ਲਈ ਲਗਾਤਾਰ ਅਸੀਂ ਯਤਨਸ਼ੀਲ ਹਾਂ, ਇਸ ਸਬੰਧੀ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਵੀ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਇਸ ਸਬੰਧੀ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ ਕਿ ਕਈ ਲੋਕ ਟੈਕਸ ਬਚਾਉਣ ਦੇ ਲਈ ਗਲਤ ਦਸਤਾਵੇਜਾਂ ਦਾ ਇਸਤੇਮਾਲ ਕਰ ਰਹੇ ਹਨ। ਭਾਵੇਂ ਉਹ ਕਿਰਾਏ ਦੇ ਬਿੱਲ ਹੋਣ ਜਾਂ ਫਿਰ ਕੋਈ ਹੋਰ ਦਸਤਾਵੇਜ ਹੋਣ ਪਰ ਅਸੀਂ ਉਨ੍ਹਾਂ ਨੂੰ ਇਹ ਸਾਫ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਨਕਮ ਟੈਕਸ ਵਿਭਾਗ ਹੁਣ ਇਸ 'ਤੇ ਪੂਰੀ ਨਜ਼ਰਸਾਨੀ ਕਰ ਰਿਹਾ ਹੈ। ਇਨਕਮ ਟੈਕਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਤਾਂ ਉਹ ਤੁਰੰਤ ਇਸ ਨੂੰ ਬੰਦ ਕਰ ਦੇਵੇ, ਨਹੀਂ ਤਾਂ ਉਸ ਸ਼ਖ਼ਸ ਲਈ ਅੱਗੇ ਜਾ ਕੇ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ।