ਫਿਰੋਜ਼ਪੁਰ: ਮੋਗਾ ਰੋਡ 'ਤੇ ਪਿੰਡ ਪਿਆਰੇਆਣਾ ਦੇ ਨੇੜੇ ਇੱਕ ਆਲਟੋ ਕਾਰ 'ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਤੋਂ ਮੋਬਾਇਲ ਫੋਨ ਅਤੇ ਪਰਸ ਖੋਹਣ ਦੀ ਵਾਰਦਾਤ ਤੋਂ ਅੰਜਾਮ ਦਿੱਤਾ। ਲੋਕਾਂ ਨੇ ਪਿੱਛਾ ਕਰਕੇ ਕਾਰ ਸਵਾਰ ਲੁਟੇਰਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਦਾ ਜੰਮ ਕੇ ਕੁਟਾਪਾ ਚਾੜਿਆ। ਇਨ੍ਹਾਂ 5 ਲੁਟੇਰਿਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ। ਪਿੱਛੋਂ ਆ ਰਹੇ ਕਾਰ ਸਵਾਰਾਂ ਨੇ ਲੁਟੇਰਿਆਂ ਦੀ ਗੱਡੀ ਮਗਰ ਗੱਡੀ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਕਾਰ ਸਵਾਰ ਲੁਟੇਰਿਆਂ ਨੇ ਕੀਤਾ ਹਮਲਾ
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨਾਂ ਦਾ ਵਿਅਕਤੀ ਜਦੋਂ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਪਿੰਡ ਪਿਆਰੇਆਣਾ ਦੇ ਨਜ਼ਦੀਕ ਪਿੱਛੋਂ ਆ ਰਹੇ ਕਾਰ ਸਵਾਰਾਂ ਨੇ ਉਸ ਦੇ ਮੋਟਰਸਾਈਕਲ ਦੇ ਅੱਗੇ ਕਾਰ ਲਗਾ ਲਈ ਅਤੇ ਉਸ ਨਾਲ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮਨਦੀਪ ਨੇ ਵਿਰੋਧ ਕੀਤਾ ਗਿਆ ਤਾਂ ਇੱਕ ਲੁਟੇਰੇ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਲੁਟੇਰੇ ਉਸਦਾ ਪਰਸ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ ਤੇ ਜਾਂਦੇ ਹੋਏ ਉਸਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ। ਪਰ ਇਸ ਦੌਰਾਨ ਪਿੱਛੋਂ ਇੱਕ ਹੋਰ ਕਾਰ ਆ ਰਹੀ ਸੀ, ਜਿੰਨਾਂ ਨੇ ਲੁਟੇਰਿਆਂ ਦੀ ਕਾਰ ਦੇ ਪਿੱਛੇ ਕਾਰ ਲਗਾ ਕੇ ਉਨ੍ਹਾਂ ਨੂੰ ਫੜ ਲਿਆ ਤੇ ਲੁਟੇਰਿਆਂ ਦੀ ਜੰਮਕੇ ਕੁੱਟਮਾਰ ਕੀਤੀ ਗਈ।
2 ਲੁਟੇਰੇ ਲੋਕਾਂ ਦੇ ਹੱਥ ਚੜ ਗਏ
ਪਿਛਲੇ ਕਈ ਦਿਨਾਂ ਤੋਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਕਿ ਇੱਕ ਲੁਟੇਰਾ ਗੈਂਗ ਮਹਿਲਾਵਾਂ ਨੂੰ ਆਪਣੇ ਨਾਲ ਲੈ ਕੇ ਇਸ ਇਲਾਕੇ ਵਿੱਚ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਅੱਜ ਫਿਰ ਇੱਕ ਵਾਰ ਉਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰ 2 ਲੁਟੇਰੇ ਲੋਕਾਂ ਦੇ ਹੱਥ ਚੜ ਗਏ ਅਤੇ ਲੋਕਾਂ ਵੱਲੋਂ ਜੰਮ ਕੇ ਲੁਟੇਰਿਆਂ ਦਾ ਕੁਟਾਪਾ ਚਾੜਿਆ ਗਿਆ। ਜਦੋਂ ਕਿ ਮਹਿਲਾ ਸਣੇ 2 ਹੋਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਬਾਕੀ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।