ਤਰਨਤਾਰਨ: ਪਿੰਡ ਸਭਰਾਂ ਦੇ ਹਰੀਕੇ ਹੈੱਡ 'ਤੇ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਤਿੰਨ ਜਥੇਬੰਦੀਆਂ ਦੇ ਕਿਸਾਨ ਆਗੂਆਂ 'ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਹਰੀਕੇ ਹੈੱਡ ਨਜ਼ਦੀਕ ਠੇਕੇਦਾਰ ਵੱਲੋਂ ਖੱਡਾਂ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦਾ ਖਮਿਆਜਾ ਕਿਸਾਨਾਂ ਨੂੰ ਪੁਲਿਸ ਦੀਆਂ ਲਾਠੀਆਂ ਖਾ ਕੇ ਭੁਗਤਣਾ ਪਿਆ।
"ਅਸੀਂ ਵਿਰੋਧ ਕਰਦੇ ਰਹਾਂਗੇ"
ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ "ਉਨ੍ਹਾਂ ਵੱਲੋਂ ਹਰੀਕੇ ਹੈੱਡ ਨਜ਼ਦੀਕ ਨਜਾਇਜ਼ ਮਾਈਨਿੰਗ ਦੀਆਂ ਖੱਡਾਂ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜੇਕਰ ਉਹ ਖੱਡਾਂ ਲੱਗਦੀਆਂ ਨੇ ਤਾਂ ਜ਼ਮੀਨਾਂ ਦਾ ਭਾਰੀ ਨੁਕਸਾਨ ਹੋਵੇਗਾ। ਉੱਥੇ ਹੀ ਬੰਨ੍ਹ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਹੜ੍ਹਾਂ ਦੇ ਦਿਨਾਂ ਵਿੱਚ ਜਦੋਂ ਦਰਿਆ ਦਾ ਵਹਾਅ ਤੇਜ਼ ਹੁੰਦਾ ਹੈ ਤਾਂ ਉਨ੍ਹਾਂ ਦਾ ਨੁਕਸਾਨ ਭਾਰੀ ਮਾਤਰਾ ਵਿੱਚ ਹੁੰਦਾ ਹੈ।ਇਸੇ ਲਈ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।"
ਪ੍ਰਸਾਸ਼ਨ 'ਤੇ ਧੱਕੇਸ਼ਾਹੀ ਦੇ ਇਲਜ਼ਾਮ
ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਦਾ ਖਮਿਆਜਾ ਉਨ੍ਹਾਂ ਨੂੰ ਪੁਲਿਸ ਦੀਆਂ ਲਾਠੀਆਂ ਖਾ ਕੇ ਭੁਗਤਣਾ ਪਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਮੀਨਾਂ ਸਾਡੀਆਂ ਨੇ ਪਰੰਤੂ ਜ਼ਬਰਦਸਤੀ ਸਾਡੀਆਂ ਹੀ ਜਮੀਨਾਂ ਵਿੱਚ ਠੇਕੇਦਾਰ ਵੱਲੋਂ ਨਜਾਇਜ਼ ਮਾਈਨਿੰਗ ਕਰਨ ਲਈ ਖੱਡਾਂ ਲਗਾਈਆਂ ਜਾ ਰਹੀਆਂ ਨੇ ਅਤੇ ਪ੍ਰਸਾਸ਼ਨ ਵੀ ਉਨ੍ਹਾਂ ਦਾ ਹੀ ਸਾਥ ਦੇ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਪ੍ਰਸ਼ਾਸਨ ਵੱਲੋਂ ਠੇਕੇਦਾਰ ਦਾ ਸਾਥ ਦਿੰਦਿਆਂ ਜੇਸੀਬੀ ਮਸ਼ੀਨਾਂ ਲਿਆ ਕੇ ਜ਼ਬਰਦਸਤੀ ਖੱਡਾਂ ਲਗਾਈਆਂ ਜਾ ਰਹੀਆਂ ਸਨ। ਜਿਸ ਦਾ ਵਿਰੋਧ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ ਠੇਕੇਦਾਰ ਦੀ ਸ਼ੈਅ 'ਤੇ ਕਿਸਾਨਾਂ ਉੱਪਰ ਲਾਠੀ ਚਾਰਜ ਕਰਨਾ ਮੰਦਭਾਗਾ ਹੈ।