ਲੁਧਿਆਣਾ ਦੇ ਨਾਮੀ ਹੋਟਲ ਮਾਲਕ ਦੀ ਪਤਨੀ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਸ਼ਹਿਰ ਦੇ ਇੱਕ ਮਸ਼ਹੂਰ ਹੋਟਲ ਮਾਲਕ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਕਤ ਪੀੜਤ ਔਰਤ ਨੇ ਆਪਣੇ ਸਹੁਰਾ ਪਰਿਵਾਰ ਉਤੇ ਦਹੇਜ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਖੁਦਕੁਸ਼ੀ ਕਰਨ ਵਾਲੀ ਔਰਤ ਇਸ ਸਮੇਂ ਲੁਧਿਆਣਾ ਦੇ ਹੀ ਦੇਵ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਲੜਕੀ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜ ਸਾਲ ਪਹਿਲਾਂ ਚੰਡੀਗੜ੍ਹ ਰੋਡ ਸਥਿਤ ਰਹਿਣ ਵਾਲੇ ਰਾਹੁਲ ਮਲਹੋਤਰਾ ਨਾਲ ਉਸ ਦਾ ਵਿਆਹ ਹੋਇਆ ਸੀ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਰਿਵਾਰ ਉਸ ਨੂੰ ਦਹੇਜ ਲਈ ਤੰਗ ਕਰਨ ਲਗ ਗਿਆ ਸੀ।
ਧੀ ਹੋਣ 'ਤੇ ਕੀਤਾ ਪਰੇਸ਼ਾਨ
ਪੀੜਤ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਕੁੜੀ ਦੇ ਘਰ ਧੀ ਨੇ ਜਨਮ ਲਿਆ ਤਾਂ ਸਹੁਰਾ ਪਰਿਵਾਰ ਹੋਰ ਵੀ ਪਰੇਸ਼ਾਨ ਕਰਨ ਲਗੇ ਅਤੇ ਕਿਹਾ ਕਿ ਉਹਨਾਂ ਨੂੰ ਮੂੰਡਾ ਚਾਹੀਦਾ ਸੀ ਕੁੜੀ ਨਹੀਂ। ਇਹਨਾਂ ਪਰੇਸ਼ਾਨੀਆਂ ਤੋਂ ਤੰਗ ਆਕੇ ਵਿਆਹੁਤਾ ਨੇ ਕੁਝ ਜ਼ਹਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਇਲਾਜ ਤੋਂ ਬਾਅਦ ਉਹ ਫਿਲਹਾਲ ਠੀਕ ਹੈ।
ਪਹਿਲਾਂ ਵੀ ਕਈ ਵਾਰ ਹੋਇਆ ਸਮਝੌਤਾ
ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੇ ਦਫਤਰ ਦੇ ਵਿੱਚ ਉਹਨਾਂ ਦਾ ਪਰਿਵਾਰ ਦੇ ਨਾਲ ਦੋ ਵਾਰ ਸਮਝੌਤਾ ਵੀ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਨਹੀਂ ਹਟੇ ਆ ਤੇ ਉਹਨਾਂ ਦੀ ਬੇਟੀ ਨੇ ਅੱਜ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ
ਉਧਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਨੇ ਵੀ ਆਪਣੇ ਬਿਆਨ ਪੁਲਿਸ ਨੂੰ ਦਰਜ ਕਰਵਾਏ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨਾਂ ਦੀ ਬੇਟੀ ਨੂੰ ਦਹੇਜ ਲਈ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਲਗਾਤਾਰ ਉਨ੍ਹਾਂ ਨੂੰ ਦੱਸ ਰਹੀ ਸੀ ਕਿ ਉਸ ਦਾ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਲੁਧਿਆਣਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇ ਦੀ ਕਾਰਵਾਈ ਦੀ ਗੱਲ ਕੀਤੀ ਹੈ।