ਚੰਡੀਗੜ੍ਹ: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਸਮੇਤ ਕਈ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਚਾਲੇ 'ਅੱਜ ਕੇਂਦਰ ਨਾਲ 5ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਅੱਜ ਦੀ ਇਹ ਬੈਠਕ ਬੇੱਹਦ ਅਹਿਮ ਇਸ ਲਈ ਵੀ ਹੈ ਕਿਉਂਕਿ ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਜਦੋਂ ਦਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕੀਤਾ ਹੈ, ਉਸ ਤੋਂ ਬਾਅਦ ਕਿਸਾਨਾਂ ਅਤੇ ਕੇਂਦਰ ਵਿਚਾਲੇ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਖ਼ੁਦ ਡੱਲੇਵਾਲ ਸ਼ਮੂਲੀਅਤ ਕਰਣਗੇ। ਹਾਲਾਂਕਿ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਵਾਰ-ਵਾਰ ਸਵਾਲ ਉੱਠ ਰਹੇ ਸਨ ਕਿ ਕੀ ਜਗਜੀਤ ਸਿੰਘ ਡੱਲੇਵਾਲ ਇਸ ਦਾ ਹਿਸਾ ਹੋਣਗੇ ਕਿ ਨਹੀਂ!
28 ਕਿਸਾਨ ਮੀਟਿੰਗ 'ਚ ਹੋਣਗੇ ਸ਼ਾਮਲ
ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇਸ ਮੀਟਿੰਗ ਵਿੱਚ 28 ਕਿਸਾਨ ਆਗੂ ਭਾਗ ਲੈਣਗੇ। ਜਿਨ੍ਹਾਂ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੋਂ ਜਗਜੀਤ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਣ ਪੰਧੇਰ ਅਗਵਾਈ ਕਰਨਗੇ।
ਕਿਸਾਨ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ। ਡੱਲੇਵਾਲ 81 ਦਿਨਾਂ ਤੋਂ ਮਰਨ ਵਰਤ 'ਤੇ ਹਨ, ਉਹ ਸਵੇਰੇ 11 ਵਜੇ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਣਗੇ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਸ਼ਿਰਕਤ ਕਰਨਗੇ।
ਕੇਂਦਰ ਵੱਲੋਂ ਮੀਟਿੰਗ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ !
ਇਸ ਮੀਟਿੰਗ ਵਿੱਚ ਕੇਂਦਰ ਦੇ ਕਿਹੜੇ ਆਗੂ ਸ਼ਾਮਲ ਹੋਣਗੇ ਇਸ ਬਾਰੇ ਕੇਂਦਰ ਵੱਲੋਂ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮੈਗਸੀਪਾ ਦਫ਼ਤਰ ਵਿੱਚ ਸ਼ਾਮ 5.30 ਵਜੇ ਹੋਵੇਗੀ। ਸਰਵਣ ਪੰਧੇਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।
2024 'ਚ ਕੇਂਦਰ-ਕਿਸਾਨਾਂ ਦੀਆਂ ਹੋਈਆਂ 4 ਮੀਟਿੰਗਾਂ ...
ਪਹਿਲੀ ਮੀਟਿੰਗ 8 ਫਰਵਰੀ: ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਪਹਿਲੀ ਮੀਟਿੰਗ ਹੋਈ। ਇਸ 'ਚ ਕੁਝ ਮੰਗਾਂ 'ਤੇ ਸਹਿਮਤੀ ਬਣੀ ਸੀ ਪਰ ਕਿਸਾਨ ਜਥੇਬੰਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨੀ ਗਰੰਟੀ ਕਾਨੂੰਨ ਬਣਾਉਣ ਸਮੇਤ ਕਈ ਮੰਗਾਂ 'ਤੇ ਅੜੇ ਸਨ। ਇਸ ਦੌਰਾਨ ਸਰਕਾਰ ਨੇ ਮੀਟਿੰਗ ਨੂੰ ਅੱਗੇ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
ਦੁਜੀ ਮੀਟਿੰਗ 12 ਫਰਵਰੀ: ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ 5 ਘੰਟੇ ਮੀਟਿੰਗ ਹੋਈ। ਕਿਸਾਨਾਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲੈਣ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ 'ਤੇ ਸਹਿਮਤੀ ਬਣੀ, ਪਰ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ 'ਤੇ ਅੜੇ ਰਹੇ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ।
ਤੀਜੀ ਮੀਟਿੰਗ 15 ਫਰਵਰੀ: ਇਹ ਮੀਟਿੰਗ ਰਾਤ 1 ਵਜੇ ਤੱਕ ਚੱਲਦੀ ਰਹੀ। ਮੀਟਿੰਗ ਵਿੱਚ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਬਲ ਪ੍ਰਯੋਗ ਕਰਨ ’ਤੇ ਇਤਰਾਜ਼ ਜਤਾਇਆ ਸੀ।
ਚੌਥੇ ਗੇੜ ਦੀ 18 ਫਰਵਰੀ: ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਝੋਨਾ, ਕਣਕ ਤੋਂ ਇਲਾਵਾ ਦਾਲ, ਉੜਦ, ਮੱਕੀ ਅਤੇ ਕਪਾਹ ਦੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਇਸ ਦੇ ਲਈ ਉਨ੍ਹਾਂ ਨੂੰ ਭਾਰਤੀ ਖੇਤੀ ਸਹਿਕਾਰੀ ਮੰਡੀਕਰਨ ਫੈਡਰੇਸ਼ਨ ਨੈਫੇਡ ਅਤੇ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਨਾਲ 5 ਸਾਲ ਦਾ ਸਮਝੌਤਾ ਕਰਨਾ ਹੋਵੇਗਾ। ਇਹ ਮੁਲਾਕਾਤ 5 ਘੰਟੇ ਤੱਕ ਚੱਲੀ। ਇਸ ਬਾਰੇ ਵੀ ਕੋਈ ਸਹਿਮਤੀ ਨਹੀਂ ਬਣੀ।
ਅੰਦੋਲਨ 'ਚ ਗੋਲੀ ਲੱਗਣ ਨਾਲ ਮਰਿਆ ਸ਼ੁਭਕਰਨ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਦਿੱਲੀ ਵੱਲ ਕੂਚ ਕਰਦੇ ਕਿਸਾਨਾਂ ਉੱਤੇ ਖਨੌਰੀ ਬਾਰਡਰ 'ਤੇ ਹਰਿਆਨਾ ਪੁਲਿਸ ਵੱਲੋਂ ਗੋਲੇ ਦਾਗੇ ਗਏ, ਲਾਠੀਚਾਰਜ ਕੀਤਾ ਗਿਆ ਇਸ ਦੇ ਨਾਲ ਹੀ ਗੋਲੀਬਾਰੀ ਵੀ ਕੀਤੀ ਗਈ। ਜਿਸ ਵਿੱਚ 22 ਸਾਲਾ ਸ਼ੁਭਕਰਨ ਸਿੰਘ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲੋਂ ਦਾ ਰਹਿਣ ਵਾਲਾ ਸੀ। ਉਹ 13 ਫਰਵਰੀ ਤੋਂ ਖਨੌਰੀ ਸਰਹੱਦ 'ਤੇ ਕਿਸਾਨਾਂ ਦੇ ਧਰਨੇ 'ਚ ਮੌਜੂਦ ਸੀ ਉਸ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਰੋਸ ਪਾਇਆ ਗਿਆ।
ਤਿੰਨ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ
ਕੇਂਦਰ ਵੱਲੋਂ ਗੱਲਬਾਤ ਬੰਦ ਕਰਨ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ। ਪਰ, ਹਰਿਆਣਾ ਸਰਕਾਰ ਨੇ ਟਰੈਕਟਰ ਸਮੇਤ ਦਿੱਲੀ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 101 ਕਿਸਾਨਾਂ ਦਾ ਜੱਥਾ ਦਿੱਲੀ ਭੇਜਿਆ ਗਿਆ। ਉਧਰ, ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਵੀ ਸ਼ੰਭੂ ਸਰਹੱਦ ’ਤੇ ਬੈਰੀਕੇਡਿੰਗ ’ਤੇ ਰੋਕ ਲਿਆ। ਕਿਸਾਨਾਂ ਨੇ 6, 8 ਅਤੇ 14 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤਿੰਨੋਂ ਵਾਰ ਉਨ੍ਹਾਂ ਨੂੰ ਰੋਕ ਦਿੱਤਾ। ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
HC ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ
ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ। ਅੰਬਾਲਾ ਦੇ ਵਪਾਰੀਆਂ ਨੇ ਇਸ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਇੱਕ ਹਫ਼ਤੇ ਅੰਦਰ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਸਨ ਪਰ ਹਰਿਆਣਾ ਸਰਕਾਰ ਇਸ ਦੇ ਖਿਲਾਫ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ 10 ਸੁਣਵਾਈਆਂ ਕੀਤੀਆਂ ਹਨ। ਇਸ ਦੌਰਾਨ ਸੇਵਾਮੁਕਤ ਜਸਟਿਸ ਦੀ ਅਗਵਾਈ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਤਾਂ ਜੋ ਕਿਸਾਨਾਂ ਅਤੇ ਸਰਕਾਰ ਵਿਚਕਾਰ ਵਿਚੋਲਗੀ ਕਰਕੇ ਮਾਮਲਾ ਸੁਲਝਾ ਸਕੇ ਪਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ।
- ਕੇਂਦਰ ਦਾ ਕਿਸਾਨਾਂ ਨੂੰ 3 ਫਸਲਾਂ 'ਤੇ MSP ਦੇਣ ਦਾ ਪ੍ਰਸਤਾਵ: ਕਿਸਾਨਾਂ ਨੇ ਮੰਗਿਆ ਸਮਾਂ, ਸਹਿਮਤੀ ਨਾ ਬਣੀ ਤਾਂ 21 ਨੂੰ ਦਿੱਲੀ ਜਾਣਗੇ ਕਿਸਾਨ - ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ
- ਕਿਸਾਨਾਂ ਦੇ ਕੇਂਦਰੀ ਮੰਤਰੀਆਂ ਨਾਲ ਮੰਥਨ 'ਚ ਨਹੀਂ ਨਿਕਲਿਆ ਕੋਈ ਹੱਲ, ਅਗਲੀ ਮੀਟਿੰਗ ਲਈ ਸਮਾਂ ਹੋਇਆ ਤੈਅ
- 24 ਤੇ 25 ਫਰਵਰੀ ਨੂੰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
ਡੱਲੇਵਾਲ ਨੇ ਸ਼ੁਰੂ ਕੀਤਾ ਮਰਨ ਵਰਤ
ਇਸ ਦੌਰਾਨ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਆਪਣੇ ਪੁੱਤਰ, ਨੂੰਹ ਅਤੇ ਪੋਤਰੇ ਦੇ ਨਾਂ 'ਤੇ ਜਾਇਦਾਦ ਤਬਦੀਲ ਕਰਾਉਣ ਨੂੰ ਲੈ ਕੇ ਮਰਨ ਵਰਤ ਦਾ ਐਲਾਨ ਕੀਤਾ। ਹਾਲਾਂਕਿ 26 ਨਵੰਬਰ 2024 ਨੂੰ ਮਰਨ ਵਰਤ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪਰ, ਉਨ੍ਹਾਂ ਨੇ ਉੱਥੇ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਦਬਾਅ ਹੇਠ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ 1 ਦਸੰਬਰ ਨੂੰ ਰਿਹਾਅ ਕਰ ਦਿੱਤਾ ਸੀ। ਉਦੋਂ ਤੋਂ ਉਹ ਭੁੱਖ ਹੜਤਾਲ 'ਤੇ ਬੈਠੇ ਹਨ। ਇਸ ਦੌਰਾਨ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਪਰ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਸਿਹਤ ਸਬੰਧੀ ਅਦਾਲਤ ਵਿੱਚ ਕਰੀਬ 10 ਵਾਰ ਸੁਣਵਾਈ ਹੋਈ। ਜਿਸ ਤੋਂ ਬਾਅਦ ਕੇਂਦਰ ਨੇ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਦਿੱਤਾ। ਫਿਰ ਡੱਲੇਵਾਲ ਮੈਡੀਕਲ ਸਹੂਲਤ ਲਈ ਰਾਜ਼ੀ ਹੋ ਗਏ ਅਤੇ ਅੱਜ ਉਨ੍ਹਾਂ ਵੱਲੋਂ ਮੀਟਿੰਗ 'ਚ ਸ਼ਮੂਲੀਅਤ ਕੀਤੀ ਜਾਵੇਗੀ।