ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਦੌਰਾਨ ਹੋਏ ਹੰਗਾਮੇ ਦੀ ਵੀਡੀਓ ਬਾਹਰ ਆਈਆਂ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਵਲੋਂ ਧੱਕੇਸ਼ਾਹੀ ਕੀਤੀ ਗਈ ਹੈ। ਕਾਂਗਰਸ ਪਾਰਟੀ ਦੇ 41 ਕੌਂਸਲਰ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਆਮ ਆਦਮੀ ਪਾਰਟੀ ਵਲੋਂ ਆਪਣੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦਾ ਨਾਮ ਐਲਾਨੇ ਜਾਣ ਦੇ ਇਲਜ਼ਾਮ ਲਾਏ ਗਏ ਹਨ।
ਹਾਊਸ ਦੀ ਸਾਰੀ ਕਾਰਵਾਈ ਨਿੰਦਣਯੋਗ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ, "ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ, ਪਰ ਹਾਊਸ ਵਿੱਚ ਸਾਡੇ ਨਾਲ ਜਿਵੇ ਵਿਹਾਰ ਹੋਇਆ, ਉਹ ਚੰਗਾ ਨਹੀਂ ਸੀ। ਉੱਥੇ ਹੀ ਕਾਂਗਰਸੀ ਕੌਂਸਲਰ ਨੇ ਵੀ ਕਿਹਾ ਕਿ ਆਪ ਉੱਤੇ ਗ਼ਲਤ ਤਰੀਕੇ ਨਾਲ ਮੇਅਰ, ਡਿਪਟੀ ਮੇਅਰ ਅਤੇ ਮੇਅਰ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਉਹ ਵੀ ਕੋਈ ਤਰੀਕਾ ਸਮਝ ਨਹੀਂ ਆਇਆ।"
ਵੀਡੀਓ ਕੋਰਟ ਵਿੱਚ ਪੇਸ਼ ਕੀਤੀ ਜਾਵੇਗੀ
ਕਾਂਗਰਸੀ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਇਲਜ਼ਾਮ ਲਾਏ ਕਿ ਧੱਕੇਸ਼ਾਹੀ ਨਾਲ ਆਪਣੇ ਹੀ ਬੰਦੇ ਚੁਣੇ, ਇਸ ਨਾਲੋਂ ਚੰਗਾ ਤਾਂ ਚੋਣ ਕਰਵਾਉਂਦੇ ਹੀ ਨੀ। ਕਾਂਗਰਸੀ ਕੌਂਸਲਰ ਨੇ ਕਿਹਾ ਕਿ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ ਜਿਸ ਦਿਨ ਕੇਸ ਦੀ ਤਰੀਕ ਆਵੇਗੀ, ਉਸ ਦਿਨ ਇਸ ਸਬੰਧੀ ਵੀਡੀਓ ਕੋਰਟ ਵਿੱਚ ਪੇਸ਼ ਕੀਤੀ ਜਾਵੇਗੀ।
"ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਹੁੰ ਵੀ ਨਹੀਂ ਚੁੱਕੀ, ਧੱਕਾ ਹੋਇਆ"
ਇਸ ਮੌਕੇ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ, "ਅਸੀਂ ਪਹਿਲੇ ਦਿਨ ਤੋਂ ਹੀ ਦੁਹਾਈ ਦੇ ਰਹੇ ਹਾਂ ਕਿ ਅੰਦਰ ਕੋਈ ਇਲੈਕਸ਼ਨ ਹੋਈ ਹੀ ਨਹੀਂ, ਨਾ ਹੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀ ਹਾਊਸ ਅਤੇ ਹੋਟਲ ਜਿੱਥੇ ਸਹੁੰ ਚੁੱਕ ਸਮਾਗਮ ਹੋਇਆ, ਉਹ ਸਾਰੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਸਭ ਕੁਝ ਸਾਫ ਹੋ ਗਿਆ।
ਉਨ੍ਹਾਂ ਕਿਹਾ ਕਿ , "ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਤਾਂ ਸਹੁੰ ਹੀ ਨਹੀਂ ਚੁੱਕੀ, ਜਦਕਿ ਬਾਕੀ ਪਾਰਟੀਆਂ ਦੇ ਕੌਂਸਲਰਾਂ ਵਲੋਂ ਸਹੁੰ ਚੁੱਕੀ ਗਈ ਹੈ। ਮਾਨਯੋਗ ਹਾਈਕੋਰਟ ਵਲੋਂ ਹੁਕਮ ਸੀ ਕਿ ਵੀਡੀਓਗ੍ਰਾਫੀ ਹੋਈ ਹੈ, ਜਿਸ ਦੀ ਆਮ ਆਦਮੀ ਪਾਰਟੀ ਨੇ ਉਲੰਘਣਾ ਕੀਤੀ ਹੈ। ਹੁਣ ਇਹ ਅਗਲੀ ਤਰੀਕ ਉੱਤੇ ਖੁਦ ਜਵਾਬਦੇਹ ਹੋਣਗੇ।"
ਮੇਅਰ ਦੀ ਚੋਣ ਤੋਂ ਪਹਿਲਾਂ 'ਆਪ' ਨੇ ਹੋਟਲ 'ਚ ਕੀਤੀ ਮੀਟਿੰਗ
ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਕਿਹਾ- "ਮੇਅਰ ਦੀ ਚੋਣ ਤੋਂ ਪਹਿਲਾਂ ਐਮਕੇ ਹੋਟਲ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਸੀ। ਜਿਸ ਦੀਆਂ ਕੁਝ ਵੀਡੀਓਜ਼ ਅੱਜ ਸਾਹਮਣੇ ਆਈਆਂ ਹਨ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀ ਰਜਿੰਦਰ ਸ਼ਰਮਾ ਅਤੇ ਹੋਰ ਅਧਿਕਾਰੀ 'ਆਪ' ਪਾਰਟੀ 'ਚ ਮੌਜੂਦ ਹਨ। ਇਹ ਵੀਡੀਓ ਨਗਰ ਨਿਗਮ ਦਾ ਪਰਦਾਫਾਸ਼ ਕਰਦੀ ਹੈ। ਅਜਿਹਾ ਸਿਰਫ਼ ਅੰਮ੍ਰਿਤਸਰ ਵਿੱਚ ਹੀ ਨਹੀਂ ਸਗੋਂ ਜਲੰਧਰ, ਲੁਧਿਆਣਾ, ਫਗਵਾੜਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੋਇਆ।"
"ਪੁਲਿਸ ਨੇ ਵੀ ਆਪ ਵਾਲਿਆਂ ਦਾ ਸਾਥ ਦਿੱਤਾ"
ਵਿਕਾਸ ਸੋਨੀ ਨੇ ਦੱਸਿਆ ਕਿ, "ਕਾਂਗਰਸ ਦੇ 41, ਅਕਾਲੀ ਦਲ ਦੇ 4 ਅਤੇ ਭਾਜਪਾ ਦੇ 7 ਅਤੇ ਆਮ ਆਦਮੀ ਪਾਰਟੀ ਦੇ 24 ਕੌਂਸਲਰ ਹਨ, ਜੋ ਕਿ ਹਾਊਸ ਵਿੱਚ ਮੌਜੂਦ ਸੀ, ਜਿਸ ਚੋਂ ਇੱਕ ਅਕਾਲੀ ਦਲ ਕੌਂਸਲਰ ਦੀ ਗੈਰ ਹਾਜ਼ਰੀ ਲਾਈ ਸੀ, ਜਦਕਿ ਉਹ ਹਾਊਸ ਵਿੱਚ ਮੌਜੂਦ ਸੀ ਅਤੇ ਸਾਡੇ ਨਾਲ ਸਹੁੰ ਚੁੱਕ ਰਿਹਾ ਸੀ। ਇਹ ਇੱਕ ਪਾਸੜ ਸਮਾਗਮ ਰਿਹਾ ਹੈ, ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕੌਂਸਲਰ-ਵਿਧਾਇਕ-ਮੰਤਰੀ ਬੈਠੇ ਸੀ ਅਤੇ ਦੂਜੇ ਪਾਸੇ ਭਾਜਪਾ-ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਬੈਠੇ ਹਨ, ਜਿਸ ਦੀ ਵੀਡੀਓ ਵੀ ਹੁਣ ਸਾਹਮਣੇ ਆ ਗਈ ਹੈ ਅਤੇ ਗਿਣਤੀ ਵੀ ਹੋ ਸਕਦੀ ਹੈ।"
ਉੱਥੇ ਹੀ, ਵਿਕਾਸ ਸੋਨੀ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਇਹ ਗ਼ਲਤ ਕੰਮ ਕੀਤੇ ਹਨ, ਚਾਹੇ ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਨ, ਚਾਹੇ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਹਨ, ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਵੱਲੋਂ ਵੀ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
"ਅਕਾਲੀ ਦਲ ਵਲੋਂ ਆਪ ਨੂੰ ਕੋਈ ਸਮਰਥਨ ਨਹੀਂ"
ਇਸ ਮੌਕੇ ਅਕਾਲੀ ਦਲ ਦੇ ਵਾਰਡ ਨੰਬਰ 43 ਤੋਂ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਕੌਂਸਲਰ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਝੂਠ ਬੋਲਿਆ ਗਿਆ ਹੈ। 27 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਸੀ ਜਿਸ ਵਿੱਚ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਉਸ ਤੋਂ ਪਹਿਲਾਂ ਉਹ ਸਾਰੇ ਆਪਣੇ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮਜੀਤ ਮਜੀਠੀਆ ਦੀ ਕੋਠੀ ਵਿੱਚ ਇਕੱਠੇ ਹੋਏ ਸੀ ਅਤੇ ਉੱਥੇ ਹੀ ਮੀਡੀਆ ਸਾਹਮਣੇ ਕਿਹਾ ਸੀ ਕਿ ਸਾਡੀ ਪਾਰਟੀ ਕਿਸੇ ਨੂੰ ਵੀ ਸਮਰਥਨ ਨਹੀਂ ਦਿੰਦੀ। ਫਿਰ ਉੱਥੇ ਜਾ ਕੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾਇਆ ਅਤੇ ਕਿਹਾ ਕਿ ਅਕਾਲੀ ਦਲ ਦਾ ਸਮਰਥਨ ਹੈ, ਜਦਕਿ ਸਾਡੇ ਵਲੋਂ ਕੋਈ ਸਮਰਥਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਹਾਊਸ ਦੀ ਕਾਰਵਾਈ ਲਈ ਸਰਕਾਰ ਨੇ ਆਪਣੀ ਪੂਰੀ ਤਾਕਤ ਲਗਾਉਂਦੇ ਹੋਏ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਸ਼ਰੇਆਮ ਧੱਕੇਸ਼ਾਹੀ ਕਰ ਆਪਣਾ ਮੇਅਰ ਬਣਾਇਆ। ਇਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਇਸ ਦੀ ਸਹੀ ਜਾਂਚ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰਾਂ ਨੇ ਹਾਊਸ ਵਿੱਚ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਸਟੇਜ ’ਤੇ ਚੜ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਆਪ ਕੌਂਸਲਰ, ਮੰਤਰੀ ਅਤੇ ਵਿਧਾਇਕ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਚਲੇ ਗਏ।