ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਫਿਲਮ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਰਿਲੀਜ਼ ਲਈ ਤਿਆਰ ਹੈ, ਜਿਸ ਦੁਆਰਾ ਹੀ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਲਈ ਤਿਆਰ ਹਨ ਬਾਲੀਵੁੱਡ ਦੇ ਚਰਚਿਤ ਅਦਾਕਾਰ ਨਿਕਿਤਿਨ ਧੀਰ, ਜਿੰਨ੍ਹਾਂ ਵੱਲੋਂ ਫਿਲਮ ਵਿਚਲੇ ਅਪਣੇ ਵਿਲੱਖਣ ਲੁੱਕ ਦੀ ਝਲਕ ਵੀ ਅੱਜ ਰਿਵੀਲ ਕਰ ਦਿੱਤੀ ਗਈ ਹੈ।
'ਹੰਬਲ ਮੋਸ਼ਨ ਪਿਕਚਰਜ਼ ਐਫਜੈਡਸੀਓ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜਦ ਕਿ ਨਿਰਮਾਣ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੁਆਰਾ ਕੀਤਾ ਗਿਆ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਧਾਰਮਿਕ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ, ਸਹਿ ਨਿਰਮਾਣਕਾਰ ਭਾਨਾ ਲਾ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।
ਹਾਲ ਹੀ ਦੇ ਸਮੇਂ ਵਿੱਚ 'ਅਰਦਾਸ ਸਰਬੱਤ ਦੇ ਭਲੇ ਦੀ' ਜਿਹੀ ਬਿਹਤਰੀਨ ਫਿਲਮ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਗਿੱਪੀ ਗਰੇਵਾਲ ਦੀ ਇਹ ਇਸ ਸਾਲ 2025 ਦੀ ਵੱਡੀ ਅਤੇ ਪਹਿਲੀ ਧਾਰਮਿਕ ਫਿਲਮ ਹੋਵੇਗੀ, ਜਿਸ ਵਿੱਚ ਉਹ ਖੁਦ ਵੀ ਮੁੱਖ ਭੂਮਿਕਾ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਤੋਂ ਇਲਾਵਾ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਮੀਤਾ ਵਸ਼ਿਸ਼ਟ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਹਨ, ਜਿੰਨ੍ਹਾਂ ਨਾਲ ਹੀ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਨਿਕਿਤਿਨ ਧੀਰ, ਜੋ ਇਸ ਪ੍ਰਭਾਵਪੂਰਨ ਫਿਲਮ ਵਿੱਚ ਬੇਹੱਦ ਚੁਣੌਤੀਪੂਰਨ ਰੋਲ ਵਿੱਚ ਨਜ਼ਰ ਆਉਣਗੇ।
ਸਾਲ 2013 ਵਿੱਚ ਆਈ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ 'ਚੇੱਨਈ ਐਕਸਪ੍ਰੈੱਸ' ਦਾ ਕਾਫ਼ੀ ਅਹਿਮ ਹਿੱਸਾ ਰਹੇ ਹਨ ਅਦਾਕਾਰ ਨਿਕਿਤਿਨ ਧੀਰ, ਜੋ ਲਗਾਤਾਰਤਾ ਨਾਲ ਵੱਡੀਆਂ ਹਿੰਦੀ ਅਤੇ ਸਾਊਥ ਫਿਲਮਾਂ ਵਿੱਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵਿੱਚ 'ਮਾਰਟਿਨ', 'ਰਕਤਾਂਚਲ', 'ਇੰਡੀਅਨ ਪੁਲਿਸ ਫੋਰਸ' ਆਦਿ ਸ਼ੁਮਾਰ ਰਹੀਆਂ ਹਨ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਰਹੇ ਅਤੇ ਮਹਾਂਭਾਰਤ ਜਿਹੇ ਕਲਟ ਸ਼ੋਅ ਦਾ ਹਿੱਸਾ ਰਹੇ ਪੰਕਜ ਧੀਰ ਦੇ ਹੋਣਹਾਰ ਪੁੱਤਰ ਨਿਕਿਤਿਨ ਧੀਰ ਆਉਣ ਵਾਲੇ ਦਿਨਾਂ ਵਿੱਚ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ:
- ਪਹਿਲੀ ਵਾਰ ਮਿਲੇ ਫਿਲਮ ਦੇ ਸੈੱਟ ਉਤੇ ਇਸ ਪੰਜਾਬੀ ਜੋੜੇ ਨੂੰ 5 ਦਿਨਾਂ 'ਚ ਹੋਇਆ ਪਿਆਰ, 4 ਮਹੀਨੇ ਦੇ ਅੰਦਰ-ਅੰਦਰ ਕਰਵਾਇਆ ਵਿਆਹ, ਕਾਫੀ ਫਿਲਮੀ ਹੈ ਜੋੜੇ ਦੀ ਪਿਆਰ ਕਹਾਣੀ
- ਲੰਮੇਂ ਸਮੇਂ ਬਾਅਦ ਪਾਲੀਵੁੱਡ 'ਚ ਵਾਪਸੀ ਕਰੇਗਾ ਇਹ ਅਦਾਕਾਰ, ਇਸ ਪੰਜਾਬੀ ਫ਼ਿਲਮ 'ਚ ਆਵੇਗਾ ਨਜ਼ਰ
- 8 ਵਿੱਚੋਂ 6 ਫਿਲਮਾਂ ਹੋਈਆਂ ਜ਼ਬਰਦਸਤ ਫਲਾਪ, 2025 ਦੀ ਸ਼ੁਰੂਆਤ 'ਚ ਹੀ ਲੱਗਿਆ ਪੰਜਾਬੀ ਫਿਲਮਾਂ ਨੂੰ ਗ੍ਰਹਿਣ