ਤਰਨਤਾਰਨ : ਅਮਰੀਕਾ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਲਿਸਟ 'ਚ ਤਰਨਤਾਰਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ ਨੌਜਵਾਨ ਸੁਖਚੈਨ ਸਿੰਘ ਵੀ ਸ਼ਾਮਿਲ ਹੈ। ਡਿਪੋਰਟ ਦੀ ਖ਼ਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਆਪਣਾ ਦਰਦ ਰੋ-ਰੋ ਕੇ ਬਿਆਨ ਕੀਤਾ।
ਪਰਿਵਾਰ ਦੇ ਨਹੀਂ ਰੁਕ ਰਹੇ ਹੰਝੂ
ਸੁਖਚੈਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ "ਢਾਈ ਸਾਲ ਪਹਿਲਾਂ ਜ਼ਮੀਨ ਵੇਚ ਕੇ 22 ਲੱਖ ਲਗਾਇਆ ਅਤੇ ਉਸ ਨੂੰ ਇੰਗਲੈਂਡ ਭੇਜਿਆ। ਉਹ ਉੱਥੇ ਵਧੀਆ ਕੰਮ ਕਰਦਾ ਸੀ ਪਰ ਕੁੱਝ ਦਿਨ ਪਹਿਲਾਂ ਉਹ ਇੱਕ ਏਜੰਟ ਦੇ ਝਾਂਸੇ ਵਿੱਚ ਆ ਗਿਆ ਅਤੇ 20 ਲੱਖ ਹੋਰ ਏਜੰਟ ਨੂੰ ਦਿੱਤਾ ਤਾਂ ਜੋ ਅਮਰੀਕਾ ਜਾ ਸਕੇ। ਹਾਲੇ 22 ਦਿਨ ਪਹਿਲਾਂ ਹੀ ਸੁਖਚੈਨ ਨੇ ਇੰਡਲੈਂਡ ਅਤੇ ਮੈਕਸੀਕੋ ਦੇ ਬਾਰਡਰ ਜ਼ਰੀਏ ਅਮਰੀਕਾ 'ਚ ਐਂਟਰੀ ਕੀਤੀ ਸੀ।"
ਸਰਕਾਰ ਤੋਂ ਮੰਗ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਸੁਖਚੈਨ ਸਿੰਘ ਅਮਰੀਕਾ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਨੇ ਜ਼ਮੀਨ ਵੇਚ ਅਤੇ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਸੀ। ਹੁਣ ਉਹ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ।ਪਰਿਵਾਰ ਦਾ ਕਹਿਣਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਧੋਖੇਬਾਜ਼ ਏਜੰਟ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ।