ਲੁਧਿਆਣਾ: ਮਨਿੰਦਰਜੀਤ ਕੌਰ ਉਨ੍ਹਾਂ ਮਹਿਲਾਵਾਂ ਲਈ ਪ੍ਰੇਰਨਾ ਹੈ, ਜੋ ਆਪਣੇ ਪਰਿਵਾਰ ਦੇ ਰੁਝੇਵਿਆਂ ਕਰਕੇ ਅਕਸਰ ਹੀ ਆਪਣੇ ਸ਼ੌਂਕ ਖ਼ਤਮ ਕਰ ਲੈਂਦੀਆਂ ਹਨ। ਮਨਿੰਦਰਜੀਤ ਰੰਧਾਵਾ ਅਹੂਜਾ ਨੇ 15 ਸਾਲ ਅਧਿਆਪਕ ਦੀ ਨੌਕਰੀ ਕਰਕੇ ਆਪਣੇ ਬਚਪਨ ਦੇ ਸ਼ੌਂਕ ਨੂੰ ਜਗਾਇਆ ਅਤੇ ਹੁਣ ਉਹ ਲੁਧਿਆਣਾ ਦੀ ਇਕਲੌਤੀ ਮਹਿਲਾ ਬਾਈਕ ਰਾਈਡਰ ਬਣ ਚੁੱਕੀ ਹੈ, ਜੋ ਕਿ ਲੇਹ ਲੱਦਾਖ ਤੱਕ ਦਾ ਸਫ਼ਰ ਆਪਣੀ ਬੁਲੇਟ ਬਾਈਕ ਉੱਤੇ ਤੈਅ ਕਰਕੇ ਆਈ ਹੈ।
3500 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਉਸ ਨੂੰ ਕਈ ਦਿਨ ਲੱਗੇ। ਪੰਜਾਬ ਤੋਂ ਜਾਣ ਵਾਲੀ ਉਹ ਇਕਲੌਤੀ ਮਹਿਲਾ ਰਾਈਡਰ ਸੀ, ਜੋ ਕਿ 1900 ਮੀਟਰ ਦੀ ਉਚਾਈ ਉੱਤੇ ਪੁੱਜੀ ਜਿਸ ਦੀਆਂ ਵੀਡਿਓ ਅਤੇ ਤਸਵੀਰਾਂ ਵੀ ਉਨ੍ਹਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ।
ਪਿਤਾ ਦਾ ਬੁਲੇਟ ਚਲਾਉਣ ਦੀ ਸੀ ਸ਼ੌਂਕ
ਮਨਿੰਦਰਜੀਤ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ, 'ਉਸ ਦੇ ਪਿਤਾ ਫੌਜ ਵਿੱਚ ਸਨ ਅਤੇ ਘਰ ਵਿੱਚ ਬੁਲੇਟ ਹਮੇਸ਼ਾ ਰਿਹਾ ਹੈ ਪਰ ਉਨ੍ਹਾਂ ਨੂੰ ਚਲਾਉਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਬਹੁਤ ਮਨ ਹੁੰਦਾ ਸੀ ਕਿ ਬੁਲੇਟ ਚਲਾਵਾ ਪਰ ਹਿੰਮਤ ਨਹੀ ਪਈ। ਵਿਆਹ ਤੋਂ ਬਾਅਦ 15 ਸਾਲ ਸਕੂਲ ਵਿੱਚ ਨੌਕਰੀ ਕੀਤੀ, ਜਿਸ ਤੋਂ ਬਾਅਦ ਨੌਕਰੀ ਛੱਡ ਕੇ ਹੁਣ ਆਪਣਾ ਸ਼ੌਂਕ ਪੂਰਾ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ 2 ਦਿਨ ਸਿਖਲਾਈ ਲਈ ਤੇ ਪਹਿਲਾਂ ਬੁਲੇਟ (Royal Enfield) ਕਿਰਾਏ ਉੱਤੇ ਲਿਆਂਦਾ।'

ਬਚਪਨ ਤੋਂ ਬੁਲਟ ਚਲਾਉਣ ਦਾ ਸ਼ੌਂਕ ਸੀ, ਪਰ ਉਹ ਪੂਰਾ ਨਹੀਂ ਕਰ ਸਕੀ। ਫਿਰ ਨੌਕਰੀ, ਵਿਆਹ ਅਤੇ ਹੋਰ ਜ਼ਿੰਮੇਵਾਰੀਆਂ। ਹੁਣ ਨੌਕਰੀ ਤੋਂ ਫ੍ਰੀ ਹੋ ਕੇ ਸੋਚਿਆ ਕਿ ਹੁਣ ਅੱਧੀ ਬਚੀ ਜਿੰਦਗੀ ਵਿੱਚ ਸਿਰਫ਼ ਆਪਣੇ ਸੁਫ਼ਨੇ ਪੂਰੇ ਕਰਨੇ ਹਨ। ਉਸ ਸਮੇਂ ਉਮਰ 40 ਸਾਲ ਸੀ ਅਤੇ ਫਿਰ ਬੁਲਟ ਸਿੱਖਿਆ ਅਤੇ ਫਿਰ ਲੇਹ-ਲਦਾਖ ਵੱਲ ਗੇੜਾ ਲਾਇਆ ਅਤੇ ਉੱਥੇ ਇੱਕ ਉਮਲਿੰਗ ਲਾ ਰੋਡ ਹੈ, ਜੋ 19 ਹਜ਼ਾਰ ਫੀਟ ਉਚਾਈ ਉੱਤੇ ਹੈ, ਜਿੱਥੇ ਮੈਂ ਜਾ ਕੇ ਆਈ ਹਾਂ। ਉਸ ਤੋਂ ਉਪਰ ਰੋਡ ਅਜੇ ਕੋਈ ਬਣੀ ਨਹੀਂ। ਮਨਿੰਦਰਜੀਤ ਰੰਧਾਵਾ ਅਹੂਜਾ, ਬਾਈਕ ਰਾਈਡਰ

ਸਿਖਲਾਈ ਤੋਂ ਬਾਅਦ ਲੇਹ-ਲਦਾਖ ਦਾ ਗੇੜਾ
ਮਨਿੰਦਰਜੀਤ ਨੇ ਦੱਸਿਆ ਕਿ, 'ਫਿਰ ਲੁਧਿਆਣਾ ਦੀਆਂ ਗਲੀਆਂ ਵਿੱਚ ਉਨ੍ਹਾਂ ਨੇ ਬੁਲੇਟ ਚਲਾਇਆ ਅਤੇ ਹੌਲੀ-ਹੌਲੀ ਹਾਈਵੇ ਉੱਤੇ ਵੀ ਲੈ ਗਈ। ਇਸ ਸਿਖਲਾਈ ਦੌਰਾਨ ਕਦੇ ਡਿੱਗੀ ਨਹੀਂ। ਫਿਰ ਪਤਾ ਲੱਗਾ ਕੇ ਚੰਡੀਗੜ੍ਹ ਤੋਂ ਗਰੁੱਪ ਲੇਹ ਲੱਦਾਖ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਵੀ ਹਿੰਮਤ ਕਰਕੇ ਗਈ। ਉੱਥੇ ਡਿੱਗੀ ਵੀ, ਪਰ ਉਸ ਨੇ ਜਿੱਥੇ ਆਕਸੀਜਨ ਬਿਲਕੁਲ ਘੱਟ ਜਾਂਦੀ ਹੈ, ਉੱਥੇ ਜਾ ਕੇ ਵੀ ਬਾਈਕ ਚਲਾਈ। ਹਾਲਾਂਕਿ, ਉਨ੍ਹਾਂ ਦੇ 2 ਹੋਰ ਸਾਥੀ ਉੱਥੇ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਮਹਿਲਾਵਾਂ ਨੂੰ ਸੁਨੇਹਾ ਦਿੱਤਾ ਕੇ ਆਪਣੇ ਸ਼ੌਂਕ ਹਮੇਸ਼ਾ ਪੂਰੇ ਕਰਨੇ ਚਾਹੀਦੇ ਹਨ।'

"ਇਹ ਤਾਂ ਤੂੰ ਹੀ ਕਰ ਸਕਦੀ..."
ਮਨਿੰਦਰਜੀਤ ਨੇ ਕਿਹਾ ਕਿ ਹੁਣ ਉਹ ਚਾਹੁੰਦੀ ਹੈ ਕੇ ਕਸ਼ਮੀਰ ਤੋਂ ਲੈਕੇ ਕੰਨਿਆਕੁਮਾਰੀ ਤੱਕ ਬਾਈਕ ਟ੍ਰਿਪ ਲਾਵੇ। ਉਨ੍ਹਾਂ ਦੱਸਿਆ ਕਿ ਬੁਲੇਟ ਦਾ ਵਜ਼ਨ 200 ਕਿਲੋ ਹੈ, ਇਸ ਨੂੰ ਸੰਭਾਲਣ ਲਈ ਲੱਤਾਂ ਅਤੇ ਬਾਹਾਂ ਵਿੱਚ ਜਾਨ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪਰਿਵਾਰ ਵੀ ਇਸ ਵਿੱਚ ਪੂਰਾ ਸਾਥ ਦਿੰਦਾ ਹੈ। ਹਾਲਾਂਕਿ, ਪਹਿਲਾਂ ਉਹ ਡਰਦੇ ਰਹੇ, ਪਰ ਉਨ੍ਹਾ ਦੀਆਂ ਦੋਵਾਂ ਬੇਟੀਆਂ ਨੂੰ ਮਾਣ ਹੈ ਕਿ ਉਨ੍ਹਾ ਦੀ ਮਾਂ ਬਾਈਕ ਰਾਈਡਰ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੇਹ-ਲਦਾਖ ਜਾ ਕੇ ਵਾਪਿਸ ਆਈ ਤਾਂ ਪਤੀ ਅਤੇ ਬਾਕੀ ਪਰਿਵਾਰ ਵਾਲੇ ਵੀ ਕਹਿ ਰਹੇ ਹਨ ਕਿ "ਇਹ ਤਾਂ ਤੂੰ ਹੀ ਕਰ ਸਕਦੀ ਹੈ, ਤੇਰੇ ਬਿਨਾਂ ਕੋਈ ਨਹੀ ਕਰ ਸਕਦਾ।"