ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਡਿੱਗ ਰਿਹਾ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਨਾਲੋਂ 2.1 ਡਿਗਰੀ ਵੱਧ ਰਿਹਾ ਹੈ। ਉਥੇ ਹੀ 8 ਫਰਵਰੀ ਨੂੰ ਉੱਤਰੀ ਈਰਾਨ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਇੱਕ ਪੱਛਮੀ ਗੜਬੜੀ ਨੂੰ ਚੱਕਰਵਾਤੀ ਹਵਾਵਾਂ ਦੇ ਖੇਤਰ ਵਜੋਂ ਦੇਖਿਆ ਗਿਆ।
ਪੱਛਮੀ ਗੜਬੜੀ ਕਾਰਨ ਤੇਜ਼ ਹਵਾਵਾਂ
ਇਹ ਹੁਣ ਜੰਮੂ ਅਤੇ ਕਸ਼ਮੀਰ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਸਥਿਤ ਹੈ। ਇਸ ਕਾਰਨ ਜੈੱਟ ਸਟ੍ਰੀਮ ਯਾਨੀ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਇਹ ਸਥਿਤੀ ਅਗਲੇ ਦੋ ਦਿਨਾਂ ਤੱਕ ਬਣੀ ਰਹੇਗੀ। ਹਾਲਾਂਕਿ 14 ਫਰਵਰੀ ਤੋਂ 20 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਪੂਰੇ ਹਫ਼ਤੇ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਅਤੇ ਉੱਤਰੀ ਹਿੱਸਿਆਂ ਵਿੱਚ ਤਾਪਮਾਨ 20 ਤੋਂ 22 ਡਿਗਰੀ ਅਤੇ ਬਾਕੀ ਹਿੱਸਿਆਂ ਵਿੱਚ 24 ਡਿਗਰੀ ਰਹੇਗਾ।
ਕਿਸਾਨਾਂ ਨੂੰ ਮੌਸਮ ਵਿਭਾਗ ਵਲੋਂ ਸਲਾਹ
ਲਗਾਤਾਰ ਚੱਲ ਰਹੀ ਸ਼ੀਤ ਲਹਿਰ ਕਰਕੇ ਤਾਪਮਾਨ ਦੇ ਵਿੱਚ ਇਹ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਿਕ ਕਿਸਾਨ ਜ਼ਰੂਰ ਆਪਣੀ ਫਸਲਾਂ ਦਾ ਖਿਆਲ ਰੱਖਣ ਉਹਨਾਂ ਕਿਹਾ ਕਿ ਜਿੱਥੇ ਜ਼ਿਆਦਾ ਤਾਪਮਾਨ ਹਾਈ ਚੱਲ ਰਹੇ ਹਨ, ਉੱਥੇ ਕਿਸਾਨ ਆਪਣੀ ਫਸਲ ਨੂੰ ਹਲਕਾ ਪਾਣੀ ਵੀ ਲਗਾ ਸਕਦੇ ਹਨ। ਉੱਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਮੌਸਮ 'ਚ ਤਬਦੀਲੀ ਆਉਣ ਕਰਕੇ ਸਿਹਤ 'ਤੇ ਕੁਝ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਜਾਂ ਇੱਕਦਮ ਗਰਮੀ ਤੋਂ ਸਰਦੀ ਵੱਲ ਜਾਂ ਸਰਦੀ ਤੋਂ ਗਰਮੀ ਵੱਲ ਨਾ ਜਾਣ।
ਮੌਸਮ ਵਿੱਚ ਤਬਦੀਲੀਆਂ
ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਬੀਤੇ ਦਿਨੀ ਤਾਪਮਾਨ ਕਾਫੀ ਵੱਧ ਗਿਆ ਸੀ, ਉੱਥੇ ਹੀ ਮੁੜ ਤੋਂ ਤਾਪਮਾਨ ਆਮ ਦਿਖਾਈ ਦੇ ਰਿਹਾ ਹੈ। ਬੀਤੇ ਕੱਲ ਦਿਨ ਦਾ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਹੈ। ਉਥੇ ਹੀ ਰਾਤ ਦਾ ਤਾਪਮਾਨ ਜੋ ਲਗਾਤਾਰ ਵੱਧ ਰਿਹਾ ਸੀ, ਉਹ ਵੀ ਬੀਤੇ ਦਿਨ 5.4 ਡਿਗਰੀ ਦੇ ਨੇੜੇ ਰਿਕਾਰਡ ਹੋਇਆ ਹੈ ਜੋ ਕਿ ਆਮ ਹੈ। ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ 18 ਫਰਵਰੀ ਤੋਂ ਬਾਅਦ ਹਲਕੀ ਬੂੰਦਾਂ ਬਾਂਦੀ ਜਾਂ ਫਿਰ ਬੱਦਲਵਾਈ ਵਾਲਾ ਮੌਸਮ ਬਣ ਸਕਦਾ ਹੈ।
ਆਮ ਨਾਲੋਂ ਘੱਟ ਪਿਆ ਮੀਂਹ
ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਫਰਕ ਨਹੀਂ ਪਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਛੇ ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦਾ ਤਾਪਮਾਨ 6.5 ਡਿਗਰੀ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ 'ਚ 11.4 ਡਿਗਰੀ ਅਤੇ ਮੋਹਾਲੀ 'ਚ 11.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸੂਬੇ ਵਿੱਚ 1 ਫਰਵਰੀ ਤੋਂ 13 ਫਰਵਰੀ ਤੱਕ 10.2 ਮਿਲੀਮੀਟਰ ਮੀਂਹ ਪਿਆ ਹੈ। ਪਰ ਇਸ ਵਾਰ ਆਮ ਨਾਲੋਂ 95 ਫੀਸਦੀ ਘੱਟ ਮੀਂਹ ਪਿਆ ਹੈ। ਸਿਰਫ਼ 0.5 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ।
ਕਈ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਿਕ ਅੱਜ ਤੋਂ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਅੱਜ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਹਾਈਵੇਅ ਅਤੇ ਦਿੱਲੀ-ਅੰਬਾਲਾ-ਦਿੱਲੀ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਰਹੇਗੀ। ਜਦਕਿ 15 ਅਤੇ 16 ਫਰਵਰੀ ਨੂੰ ਆਸਮਾਨ ਸਾਫ ਰਹੇਗਾ। ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਹੈ।