ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੀ ਸੇਵਾ ਤੋਂ ਮੁਕਤ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ "ਭਗੌੜਿਆਂ ਦਾ ਦਲ" ਕਰਾਰ ਦਿੰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋ ਕੇ ਭਰਤੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਨਹੀਂ ਰਿਹਾ ਹੈ, ਸਗੋਂ ਇਹ ਭਗੌੜਿਆਂ ਦਾ ਦਲ ਬਣ ਕੇ ਰਹਿ ਗਿਆ ਹੈ ਅਤੇ ਭਗੋੜਾ ਦਲ ਵੱਲੋਂ ਇਹ ਭਰਤੀ ਕੀਤੀ ਜਾ ਰਹੀ ਹੈ।
'ਸੱਤ ਮੈਂਬਰੀ ਕਮੇਟੀ ਦੇ ਗਠਨ ਤੋਂ ਬਲਵਿੰਦਰ ਸਿੰਘ ਭੂੰਦੜ ਬਾਹਰ ..'
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਦੇ ਗਠਨ ਸਬੰਧੀ ਵੀਰਵਾਰ ਨੂੰ ਜੋ ਬੈਠਕ ਰੱਖੀ ਗਈ ਸੀ, ਉਹ ਹੈਰਾਨ ਹਨ ਕਿ ਇਸ ਬੈਠਕ ਵਿੱਚ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨੂੰ ਵੀ ਬੁਲਾਇਆ ਗਿਆ, ਹਾਲਾਂਕਿ ਉਨ੍ਹਾਂ ਨੂੰ ਸੱਦਾ ਦੇਣਾ ਹੀ ਵਾਜ਼ਿਬ ਨਹੀਂ ਸੀ, ਪਰ ਚਲੋ ਜੇ ਸੱਦ ਲਿਆ ਤਾਂ, ਉਨ੍ਹਾਂ (ਭੂੰਦੜ) ਵੱਲੋਂ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆl"
ਉਨ੍ਹਾਂ ਕਿਹਾ ਕਿ 7 ਮੈਂਬਰ ਕਮੇਟੀ ਦੇ ਮੈਂਬਰ, ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਤਾਂ ਉਨ੍ਹਾਂ ਨੂੰ ਆਰਗੈਨਿਕ ਭਰਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, 'ਭੂੰਦੜ ਨੂੰ ਸੱਦਾ ਨਾ ਦੇ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ 7 ਮੈਂਬਰੀ ਕਮੇਟੀ ਦੀ ਹੋਂਦ ਨੂੰ ਅੱਖੋ ਪਰੋਖੇ ਕਰਨਾ, ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਅਕਾਲੀ ਦਲ ਭਗੌੜੇ ਹਨ।'
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, 'ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋਣ ਵਾਲੇ ਭਗੌੜਾ ਦਲ ਨੂੰ ਸਿੱਖ ਕਦੇ ਵੀ ਮੁਆਫ ਨਹੀਂ ਕਰਨਗੇ।'
"ਅਕਾਲੀ ਦਲ ਭਗੌੜਿਆਂ ਦਾ ਦਲ, ਭਗੌੜਿਆਂ ਦੀ ਭਰਤੀ ਹੋ ਰਹੀ"
ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਭਗੌੜਾ ਦਲ ਬਣ ਚੁੱਕਿਆ ਹੈ। ਉਹ ਜਿਹੜੇ ਅਕਾਲੀ ਹੋਰ ਹੁੰਦੇ ਸੀ, ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਇਉਂ ਮਰਨ ਵਾਸਤੇ ਜਾਂਦੇ ਸੀ, ਜਿਵੇਂ ਬਾਰਿਸ਼ਾਂ ਵਿੱਚ ਕੀਟ-ਪਤੰਗੇ ਦੀਵੇ ਵੱਲ ਜਾਂਦੇ ਸੀ। ਇਹ ਬੰਦੇ ਅਕਾਲੀ ਨਹੀਂ ਹਨ, ਇਹ ਭਗੌੜੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਹਨ, ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਚੁੱਕੇ ਹਨ। ਹੁਣ ਭਗੌੜਿਆਂ ਨੇ ਆਪਣੀ ਭਰਤੀ ਸ਼ੁਰੂ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਣੀ 7 ਮੈਂਬਰੀ ਕਮੇਟੀ ਨੂੰ ਦਰਕਿਨਾਰ ਕੀਤਾ ਹੈ, ਇਨ੍ਹਾਂ ਨੇ ਭੋਗ ਪਾ ਦਿੱਤਾ ਹੈ। - ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ
"ਸੁਖਬੀਰ ਬਾਦਲ ਮੇਰੇ ਤੋਂ ਵੱਡੇ ਭਾਜਪਾਈ ..."
ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਨੇ ਕਿਹਾ ਕਿ, "ਮੈਂ ਤਾਂ 1-2 ਭਾਜਪਾ ਵਾਲਿਆਂ ਨੂੰ ਮਿਲਿਆ, ਤੁਸੀ ਖੁਦ ਦੇਖਿਆ ਹੋਵੇਗਾ। ਬੀਤੇ ਦਿਨ ਸੁਖਬੀਰ ਬਾਦਲ ਧੀ ਦੇ ਵਿਆਹ ਸਮਾਗਮ ਮੌਕੇ ਕਿੰਨੇ ਹੀ ਭਾਜਪਾ ਦੇ ਆਗੂ ਸ਼ਾਮਲ ਹੋਏ, ਉਹ ਵੀਹਾਂ ਨੂੰ ਮਿਲੇ, ਤਾਂ ਸੁਖਬੀਰ ਬਾਦਲ ਤਾਂ ਵੱਡੇ ਭਾਜਪਾਈ ਹੋਏ।"
"ਅਜੇ ਰਾਜਨੀਤੀ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ..."
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਜੇ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ। ਉਹ ਗੁਰਮੁਖ ਦੇ ਵਿਦਿਆਰਥੀ ਹਨ, ਪਰ ਫਿਰ ਵੀ ਜੇ ਭਗੌੜਾ ਦਲ ਉਨ੍ਹਾਂ ਨੂੰ ਇਸੇ ਤਰ੍ਹਾਂ ਪਰੇਸ਼ਾਨ ਕਰਦਾ ਰਿਹਾ, ਤਾਂ ਹੋ ਸਕਦਾ ਹੈ ਉਹ ਰਾਜਨੀਤੀ ਵਿੱਚ ਆਉਣ। ਉਨ੍ਹਾਂ ਕਿਹਾ ਕਿ, "ਜੇਕਰ ਭਗੌੜਾ ਦਲ ਵਾਲੇ ਸਿਆਸਤ ਦੀ ਜ਼ਮੀਨ ਮੇਰੇ ਪੈਰਾਂ ਹੇਠਾਂ ਕਰਨਗੇ, ਤਾਂ ਮੈ ਸੈਲਿਊਟ ਕਰਾਂਗਾ।"
ਉਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨ, ਕਿਉਂਕਿ ਇੱਕ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਭ ਤੋਂ ਵੱਡਾ ਆਦੇਸ਼ ਹੈ।