ਬਰਨਾਲਾ: ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇਸ਼ ਭਰ ਵਿੱਚ ਭਖ਼ ਗਿਆ ਹੈ। ਉਥੇ ਪੰਜਾਬ ਵਿੱਚ ਵੀ ਵੱਖ-ਵੱਖ ਪਾਰਟੀਆਂ ਨੇ ਚੋਣ ਸਰਗਰਮੀ ਵਿੱਢ ਦਿੱਤੀਆਂ ਹਨ। ਉਥੇ ਲੋਕ ਸਭਾ ਹਲਕਾ ਸੰਗਰੂਰ ਤੋਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਉਹ ਇਸ ਹਲਕੇ ਤੋਂ ਸਭ ਤੋਂ ਵੱਧ ਵਾਰੀ ਲੜਨ ਵਾਲੇ ਉਮੀਦਵਾਰ ਹਨ। ਇਸ ਵਾਰ ਮਾਨ 8ਵੀਂ ਵਾਰ ਲੋਕ ਸਭਾ ਦੀ ਚੋਣ ਸੰਗਰੂਰ ਹਲਕੇ ਤੋਂ ਲੜਨਗੇ। ਇਸਤੋਂ ਪਹਿਲਾਂ 7 ਵਾਰ ਚੋਣ ਲੜਕੇ ਉਹਨਾਂ ਨੇ 3 ਵਾਰ ਜਿੱਤ ਹਾਸਿਲ ਕੀਤੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ 1999 ਵਿੱਚ ਸੰਗਰੂਰ ਤੋਂ ਚੋਣ ਜਿੱਤੀ ਸੀ। ਹੁਣ ਤਕ ਦੋ ਵਾਰ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਹਾਰ ਨਾ ਮੰਨੀ ਅਤੇ 2022 ਦੀ ਜ਼ਿਮਨੀ ਚੋਣ ਵਿੱਚ ਮੁੜ ਜਿੱਤ ਹਾਸਿਲ ਕੀਤੀ। ਇਸ ਹਲਕੇ ਵਿਚ ਪੈਰ ਧਰਨ ਤੋਂ ਪਹਿਲਾਂ ਉਹ 1989 ਵਿਚ ਸਭ ਤੋਂ ਪਹਿਲਾਂ ਤਰਨਤਾਰਨ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਸਿਮਰਨਜੀਤ ਸਿੰਘ ਮਾਨ ਦਾ ਸਿਆਸੀ ਸਫ਼ਰ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਹਲਕੇ ਵਿੱਚ ਪਹਿਲੀ ਵਾਰ 1996 ਵਿੱਚ ਪੈਰ ਧਰਿਆ। ਸੰਨ 1996 ਅਤੇ 1998 ਵਿੱਚ ਸਿਮਰਨਜੀਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੋਂ ਹਾਰ ਗਏ। ਜਦਕਿ 1999 ਵਿੱਚ ਉਹਨਾਂ ਸੁਰਜੀਤ ਬਰਨਾਲਾ ਨੂੰ ਹਰਾ ਕੇ ਦੂਜੀ ਵਾਰ ਪਾਰਲੀਮੈਂਟ ਵਿੱਚ ਪੈਰ ਰੱਖਿਆ। 1996 ਅਤੇ 1998 ਵਿੱਚ ਕੇਂਦਰ ਵਿੱਚ ਸਰਕਾਰਾਂ ਭੰਗ ਹੋਣ ਕਾਰਨ ਛੇਤੀ ਚੋਣਾਂ ਹੋਈਆਂ, ਜਿਸ ਦਾ ਫ਼ਾਇਦਾ ਸਿਮਰਨਜੀਤ ਸਿੰਘ ਮਾਨ ਨੂੰ ਹੋਇਆ।
ਇਸੇ ਤਰ੍ਹਾਂ 2004 ਵਿੱਚ ਉਹ ਸੁਖਦੇਵ ਸਿੰਘ ਢੀਂਡਸਾ ਤੋਂ ਚੋਣ ਹਾਰ ਗਏ ਅਤੇ 25 ਫ਼ੀਸਦੀ ਵੋਟਾਂ ਨਾਲ ਤੀਜੇ ਨੰਬਰ ਤੇ ਰਹੇ। ਜਦਕਿ 2009 ਵਿੱਚ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ ਅਤੇ ਸਿਮਰਨਜੀਤ ਮਾਨ ਦੀ ਜ਼ਮਾਨਤ ਮੁੜ ਜ਼ਬਤ ਹੋ ਗਈ। 2014 ਵਿੱਚ ਇਹ ਹਲਕਾ ਛੱਡ ਕੇ ਖਡੂਰ ਸਾਹਿਬ ਚਲੇ ਗਏ ਅਤੇ ਬੁਰੀ ਤਰ੍ਹਾਂ ਹਾਰੇ। 2019 ਵਿੱਚ ਸਿਮਰਨਜੀਤ ਸਿੰਘ ਮਾਨ ਮੁੜ ਸੰਗਰੂਰ ਹਲਕੇ ਤੋਂ ਚੋਣ ਲੜਨ ਆ ਗਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਐਮਪੀ ਚੋਣ ਜਿੱਤੇ, ਜਦਕਿ ਸਿਮਰਨਜੀਤ ਸਿੰਘ ਮਾਨ ਦੀ ਮੁੜ ਜਮਾਨਤ ਜ਼ਬਰ ਹੋ ਗਈ।