ਚੰਡੀਗੜ੍ਹ:ਪੰਜਾਬੀ ਲਘੂ ਫਿਲਮਾਂ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਅਦਾਕਾਰਾ ਮੌਸਮੀ ਸੈਨ ਨੂੰ ਇੱਕ ਵੱਡੀ ਅਤੇ ਅੱਜ ਸਟ੍ਰੀਮ ਹੋਣ ਜਾ ਰਹੀ ਹਿੰਦੀ ਵੈੱਬ ਸੀਰੀਜ਼ 'ਪਿਲ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਵਿੱਚ ਮਸ਼ਹੂਰ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਹੈ।
'ਆਰਐਸਵੀਪੀ ਫਿਲਮਜ਼', 'ਜੀਓ ਸਿਨੇਮਾ' ਅਤੇ 'ਰੋਨੀ ਸਕਰਿਓਵਾਲਾ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਰਾਜਕੁਮਾਰ ਗੁਪਤਾ, ਜੈਦੀਪ ਯਾਦਵ ਅਤੇ ਮਾਹੀਮ ਜੋਸ਼ੀ ਵੱਲੋਂ ਕੀਤਾ ਗਿਆ ਹੈ। ਚਰਚਿਤ ਕ੍ਰਾਈਮ-ਡਰਾਮਾ ਸੀਰੀਜ਼ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਉਕਤ ਵੈੱਬ ਸੀਰੀਜ਼ ਦਾ ਲੇਖਣ ਰਾਜ ਕੁਮਾਰ ਗੁਪਤਾ, ਪ੍ਰਵੇਜ਼ ਸ਼ੇਖ, ਜੈਦੀਪ ਯਾਦਵ ਅਤੇ ਅਨਗ ਮੁਖਰਜੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਪ੍ਰਭਾਵੀ ਕੰਟੈਂਟ ਅਧੀਨ ਲਿਖੀ ਗਈ ਇਸ ਵੈੱਬ ਸੀਰੀਜ਼ ਵਿੱਚ ਅਜਿਹਾ ਅਲਹਦਾ ਕਿਰਦਾਰ ਨਿਭਾਉਂਦੇ ਵਿਖਾਈ ਦੇਣਗੇ ਰਿਤੇਸ਼ ਦੇਸ਼ਮੁਖ, ਜੋ ਉਨ੍ਹਾਂ ਦੀ ਹੁਣ ਤੱਕ ਦੀ ਚਾਕਲੇਟੀ ਸ਼ੇਡਜ਼ ਤੋਂ ਇਕਦਮ ਵੱਖਰਾ ਹੈ।
ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਇੱਕ ਹੋਰ ਪ੍ਰੋਜੈਕਟ ਦੇ ਤੌਰ ਉਤੇ ਸਟ੍ਰੀਮ ਹੋਣ ਜਾ ਰਹੀ ਇਸ ਵੈੱਬ ਸੀਰੀਜ਼ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦੀ ਨਜ਼ਰੀ ਪਵੇਗੀ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਬਹੁਤ ਘੱਟ ਸਮੇਂ ਵਿੱਚ ਹੀ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਤੇ ਹੁਣ ਬਾਲੀਵੁੱਡ ਵਿੱਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਨਾਲ ਸੰਬੰਧਿਤ ਇਹ ਹੋਣਹਾਰ ਅਦਾਕਾਰਾ ਕਈ ਲਘੂ ਪੰਜਾਬੀ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੀ ਹੈ, ਜਿੰਨਾਂ ਵਿੱਚ ਅਮਨ ਮਹਿਮੀ ਵੱਲੋਂ ਨਿਰਦੇਸ਼ਿਤ ਕੀਤੀ ਅਰਥ-ਭਰਪੂਰ ਫਿਲਮ 'ਜਸਟਿਸ' ਆਦਿ ਵੀ ਸ਼ੁਮਾਰ ਰਹੀਆਂ ਹਨ, ਜਿੰਨਾਂ ਵਿੱਚ ਉਸ ਦੀ ਭਾਵਪੂਰਨ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਓਟੀਟੀ ਪਲੇਟਫਾਰਮ ਉਤੇ ਅੱਜ 12 ਜੁਲਾਈ ਨੂੰ ਆਨ ਸਟ੍ਰੀਮ ਹੋਣ ਜਾ ਰਹੀ ਉਕਤ ਵੈੱਬ ਸੀਰੀਜ਼ ਵਿੱਚ ਬਹੁ-ਪੱਖੀ ਅਦਾਕਾਰ ਪਵਨ ਮਲਹੋਤਰਾ ਵੀ ਪ੍ਰਭਾਵਸ਼ਾਲੀ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।