ਚੰਡੀਗੜ੍ਹ: ਸਾਲ 1999 ਤੋਂ 2015 ਤੱਕ ਦੇ ਦਹਾਕਿਆਂ ਦੌਰਾਨ ਪੰਜਾਬੀ ਸੰਗੀਤ ਜਗਤ ਵਿੱਚ ਪੂਰੀ ਤਰ੍ਹਾਂ ਛਾਏ ਰਹੇ ਹਨ ਸਟਾਰ ਗੀਤਕਾਰ ਅਤੇ ਗਾਇਕ ਦਵਿੰਦਰ ਖੰਨੇਵਾਲਾ, ਜੋ ਲਗਭਗ 10 ਸਾਲ ਬਾਅਦ ਮੁੜ ਅਪਣੀ ਇਸ ਕਰਮਭੂਮੀ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਮਾਣਮੱਤੇ ਰਹੇ ਸੰਗੀਤ ਅਧਿਆਏ ਨੂੰ ਮੁੜ ਸੁਰਜੀਤੀ ਦੇਣ ਜਾ ਰਿਹਾ ਉਨ੍ਹਾਂ ਦਾ ਨਵਾਂ ਗਾਣਾ, ਜੋ ਜਲਦ ਸੰਗੀਤਕ ਮਾਰਕੀਟ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ।
ਸਦਾਬਹਾਰ ਸੰਗੀਤ ਦੇ ਸਾਂਚੇ ਵਿੱਚ ਰੰਗੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਪ੍ਰਸਿੱਧ ਗਾਇਕਾ ਮੰਨਤ ਨੂਰ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਸੰਗੀਤ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣਨ ਜਾ ਰਹੇ ਉਕਤ ਗਾਣੇ ਲਈ ਪਹਿਲੀ ਵਾਰ ਇਕੱਠਿਆਂ ਕਲੋਬ੍ਰੇਸ਼ਨ ਕਰ ਰਹੇ ਹਨ ਦਵਿੰਦਰ ਖੰਨੇਵਾਲਾ, ਮੰਨਤ ਨੂਰ ਅਤੇ ਜੈਦੇਵ ਕੁਮਾਰ, ਜਿੰਨ੍ਹਾਂ ਦੀ ਬਿਹਤਰੀਨ ਜੁਗਲਬੰਦੀ ਦਾ ਪ੍ਰਗਟਾਵਾ ਕਰਵਾਉਣ ਜਾ ਰਹੇ ਉਕਤ ਗਾਣੇ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੀ ਉਤਸੁਕਤਾ ਵੱਧਦੀ ਜਾ ਰਹੀ ਹੈ।