ਬਰਨਾਲਾ: ਪਤਨੀ ਨੇ ਜ਼ਮੀਨ ਦੇ ਲਾਲਚ ਵਿੱਚ ਆਪਣੇ ਮਾਪਿਆਂ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਹੈ। ਜਿੱਥੇ ਦੇਰ ਰਾਤ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਜਿਸ ਨਾਲ ਉਸਦੀ ਪਤਨੀ ਜਸਪ੍ਰੀਤ ਕੌਰ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਕਰਦੀ ਆ ਰਹੀ ਸੀ। ਕਤਲ ਕਰਨ ਤੋਂ ਬਾਅਦ ਤਿੰਨੇ ਮੁਲਜ਼ਮ ਪੁਲਿਸ ਕੋਲ ਪੇਸ਼ ਹੋਏ ਅਤੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ। ਮ੍ਰਿਤਕ ਦੀ ਡੈਡਬਾਡੀ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕ ਦੇ ਵਿਆਹ ਨੂੰ ਕਰੀਬ 20 ਸਾਲ ਹੋ ਗਏ ਸਨ ਅਤੇ ਉਸਦੇ 18 ਸਾਲ ਦਾ ਇੱਕ ਲੜਕਾ ਵੀ ਹੈ।
ਜ਼ਮੀਨ ਹੜੱਪਣ ਲਈ ਕਤਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਹਰਚਰਨ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦੇ ਲੜਕੇ ਹਰਜਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਚੱਲਦਾ ਸੀ। ਪਰਿਵਾਰ ਕੋਲ ਸਾਢੇ ਪੰਜ ਕਿਲੇ ਜ਼ਮੀਨ ਸੀ। ਜਿਸ ਵਿੱਚੋਂ ਉਹ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ। ਇਸਦੇ ਚੱਲਦਿਆਂ ਮ੍ਰਿਤਕ ਦੇ ਪਿਤਾ ਨੇ ਆਪਣੇ ਜਿਉਂਦੇ ਜੀਅ ਢਾਈ ਕਿਲੇ ਆਪਣੇ ਪੇੋਤੇ ਦੇ ਨਾਮ ਕਰਵਾ ਦਿੱਤੀ। ਜਿਸ ਉਪਰੰਤ ਮ੍ਰਿਤਕ ਦੇ ਪਿਤਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਾਕੀ ਦੀ ਜ਼ਮੀਨ ਕਈ ਜਣਿਆਂ ਦੇ ਨਾਮ ਵੰਡੀ ਗਈ। ਇਸ ਉਪਰੰਤ ਲੰਬਾ ਸਮਾਂ ਇਹ ਜ਼ਮੀਨ ਦਾ ਵਿਵਾਦ ਚੱਲਦਾ ਰਿਹਾ।
ਤਿੰਨ ਮੁਲਜ਼ਮ ਗ੍ਰਿਫ਼ਤਾਰ
ਜ਼ਮੀਨੀ ਲੜਾਈ ਦੇ ਕਾਰਨ ਉਹ ਆਪਣੇ ਪੇਕੇ ਰਹਿੰਦੀ ਸੀ। ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ। ਜਿਸ ਦੇ ਚੱਲਦਿਆਂ ਉਸ ਨੇ ਆਪਣੇ ਮਾਂ ਅਤੇ ਪਿਓ ਨਾਲ ਮਿਲ ਕੇ ਰਾਤ ਸਮੇਂ ਹਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਵਿੱਚ ਮ੍ਰਿਤਕ ਦੀ ਮੁਲਜ਼ਮ ਪਤਨੀ, ਉਸਦੇ ਮਾਂ ਅਤੇ ਪਿਓ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈੇ। ਉਹਨਾਂ ਕਿਹਾ ਕਿ ਰਹਿੰਦੇ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਗ੍ਰਿਫ਼ਤਾਰ ਕਰੇ।
ਇਸ ਸਬੰਧੀ ਐੱਸਐੱਓ ਜਗਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਦਾ ਕਤਲ ਉਸਦੀ ਪਤਨੀ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਕੀਤਾ ਹੈ। ਜਿਸ ਸਬੰਧੀ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਦੇ ਬਿਆਨ ਦਰਜ਼ ਕਰਕੇ ਮ੍ਰਿਤਕ ਦੀ ਪਤਨੀ, ਉਸਦੀ ਸੱਸ ਅਤੇ ਸਹੁਰੇ ਵਿਰੁੱ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਲਜ਼ਮਾਂ ਨੇ ਸੱਟਾਂ ਮਾਰ ਕੇ ਗਲਾ ਘੁੱਟ ਕੇ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਤਿੰਨੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।