ਬਠਿੰਡਾ: ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਵਾਰ ਫਿਰ ਤੋਂ ਚਰਚਾ 'ਚ ਹੈ। ਇਸ ਵਾਰ ਯੂਨੀਵਰਸਿਟੀ ਜੰਗ ਦਾ ਮੈਦਾਨ ਬਣ ਗਈ ਹੈ। ਦਰਅਸਲ ਪੀੜਤ ਨੌਜਵਾਨ ਮੁਤਾਬਿਕ ਉਹ ਯੂਨੀਵਰਸਿਟੀ 'ਚ ਆਪਣੇ ਹੋਟਲ ਦੇ ਕਾਰਡ ਵੰਡਣ ਗਿਆ ਤਾਂ 50 ਤੋਂ 60 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਕੀ ਹੈ ਪੂਰਾ ਮਾਮਲਾ
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਗੁਰਪ੍ਰੀਤ ਸਿੰਘ ਅਤੇ ਮੰਗੂ ਸਿੰਘ ਨੇ ਦੱਸਿਆ ਕਿ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਹੋਟਲ ਦੇ ਕਾਰਡ ਵੰਡਣ ਲਈ ਗਏ ਸਨ। ਇਸ ਦੌਰਾਨ ਹੀ 50 ਤੋਂ 60 ਨੌਜਵਾਨ ਉੱਥੇ ਆਏ ਅਤੇ ਸਾਡੇ 'ਤੇ ਹਮਲਾ ਕਰ ਦਿੱਤਾ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਗੋਲੀ ਵੀ ਚਲਾਈ ਗਈ ਪਰ ਗਨੀਮਤ ਰਹੀ ਕਿ ਗੋਲੀ ਨੇੜੇ ਦੀ ਲੰਘ ਗਈ ਅਤੇ ਜਾਨ ਬਚ ਗਈ। ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੀੜਤ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਦੇ 7 ਟਾਂਕੇ ਲੱਗੇ ਹਨ। ਇਸ ਮਾਮਲੇ 'ਚ ਪੀੜਤਾਂ ਵੱਲੋਂ ਯੂਨੀਵਰਸਿਟੀ ਦੇ ਪ੍ਰਸਾਸ਼ਨ ਅਤੇ ਪੁਲਿਸ 'ਤੇ ਮਦਦ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਉਧਰ ਦੂਸਰੇ ਪਾਸੇ ਇਸ ਘਟਨਾ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਵਰਤੇ ਗਏ ਅਸਲੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੀੜਤਾਂ ਨੂੰ ਕਦੋਂ ਇਨਸਾਫ਼ ਮਿਲੇਗਾ।