ਹੈਦਰਾਬਾਦ: ਸਿਕੰਦਰਾਬਾਦ ਦੇ ਵਾਰਸੀਗੁਡਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਪਣੀ ਮਾਂ ਦੀ ਮੌਤ ਤੋਂ ਸਦਮੇ ਵਿੱਚ, ਦੋ ਭੈਣਾਂ ਕਥਿਤ ਤੌਰ 'ਤੇ 9 ਦਿਨਾਂ ਤੱਕ ਉਸ ਦੀ ਲਾਸ਼ ਨਾਲ ਘਰ ਵਿੱਚ ਬੰਦ ਰਹੀਆਂ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਆਂਢੀਆਂ ਨੂੰ ਘਰ 'ਚੋਂ ਬਦਬੂ ਆਉਣ ਲੱਗੀ। ਪੁਲਿਸ ਮੁਤਾਬਕ ਭੈਣਾਂ ਆਪਣੀ ਮਾਂ ਦੀਆਂ ਬਹੁਤ ਲਾਡਲੀਆਂ ਸਨ ਅਤੇ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦੀਆਂ ਸਨ। ਪਰਿਵਾਰ ਦੀ ਗਰੀਬੀ ਵੀ ਇੱਕ ਕਾਰਨ ਹੋ ਸਕਦੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮਾਂ ਦੀ ਅਚਾਨਕ ਹੋਈ ਮੌਤ ਤੋਂ ਸਦਮੇ 'ਚ ਭੈਣਾਂ ਨੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ।
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮ੍ਰਿਤਕ ਔਰਤ ਦੀ ਪਛਾਣ 45 ਸਾਲਾ ਲਲਿਤਾ ਵਜੋਂ ਹੋਈ ਹੈ। ਉਹ ਵਾਰਸੀਗੁਡਾ ਦੇ ਰੋਡ ਨੰਬਰ 3 ਸਥਿਤ ਕਿਰਾਏ ਦੇ ਮਕਾਨ ਵਿੱਚ ਆਪਣੀਆਂ ਦੋ ਬੇਟੀਆਂ ਨਾਲ ਰਹਿੰਦੀ ਸੀ। ਔਰਤ ਦੀ ਕੁਝ ਦਿਨ ਪਹਿਲਾਂ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਉਸ ਦੀਆਂ ਧੀਆਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਸੂਚਿਤ ਨਹੀਂ ਕੀਤਾ। ਰਿਪੋਰਟਾਂ ਦੱਸਦੀਆਂ ਹਨ ਕਿ ਸਸਕਾਰ ਦਾ ਖਰਚਾ ਕਰਨ ਵਿੱਚ ਅਸਮਰੱਥਾ ਹੋਣ ਕਾਰਨ ਧੀਆਂ ਨੇ ਆਪਣੀ ਮਾਂ ਦੀ ਲਾਸ਼ ਕੋਲ 9 ਦਿਨ ਰਹਿਣ ਦਾ ਫੈਸਲਾ ਕੀਤਾ।
ਧੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਕਾਬਲੇਜ਼ਿਕਰ ਹੈ ਕਿ ਲਲਿਤਾ ਆਪਣੇ ਪਤੀ ਤੋਂ ਵੱਖ ਹੋਣ ਮਗਰੋਂ ਆਪਣੀ ਮਾਂ ਨਾਲ ਰਹਿਣ ਲੱਗ ਗਈ। ਲਲਿਤਾ ਦੀ ਮਾਂ ਦੀ ਮੌਤ ਤੋਂ ਬਾਅਦ ਉਹ ਆਪਣੇ-ਆਪ ਨੂੰ ਬਹੁਤ ਇੱਕਲਾ ਮਹਿਸੂਸ ਕਰਨ ਲੱਗੀ ਅਤੇ ਬਿਮਾਰ ਹੋ ਗਈ।ਸ਼ੁਰੂਆਤੀ ਪੁਲਿਸ ਜਾਂਚ ਮੁਤਾਬਿਕ ਲਲਿਤਾ ਦੀ ਮੌਤ ਜਨਵਰੀ 'ਚ ਹੋਈ ਸੀ। ਮਾਂ ਦੀ ਮੌਤ ਤੋਂ ਦੁਖੀ ਹੋ ਕੇ ਦੋਵੇਂ ਧੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਖਾਣਾ-ਪੀਣਾ ਛੱਡ ਦਿੱਤਾ।
9 ਦਿਨਾਂ ਤੱਕ ਜਦੋਂ ਲਲਿਤਾ ਦੀ ਲਾਸ਼ ਘਰ ਰਹਿਣ ਕਾਰਨ ਗੁਆਂਢੀਆਂ ਨੂੰ ਘਰੋਂ ਬਦਬੂ ਆੳੇੁਣ ਲੱਗੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਲਿਤਾ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਗਾਂਧੀ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਪੁਲਿਸ ਇੰਸਪੈਕਟਰ ਨੇ ਫਿਰ ਲੜਕੀਆਂ ਨੂੰ ਖਾਣਾ ਖੁਆਇਆ ਅਤੇ ਫਿਰ ਲਲਿਤਾ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਲਲਿਤਾ ਦਾ ਸਸਕਾਰ ਕਰ ਦਿੱਤਾ ਗਿਆ।