ਚੰਡੀਗੜ੍ਹ: 'ਸਿਰਾ' ਅਤੇ 'ਮੋਟੋ ਮੋਟੋ' ਵਰਗੇ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਇਸ ਸਮੇਂ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਦਰਅਸਲ, ਗਾਇਕ ਆਏ ਦਿਨ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਆਪਣੀਆਂ ਪੋਸਟਾਂ ਨਾਲ ਸਭ ਦਾ ਧਿਆਨ ਖਿੱਚਦੇ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਨੇ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਇੰਸਟਾਗ੍ਰਾਮ ਉਤੇ ਆ ਕੇ ਗਾਲ੍ਹਾਂ ਕੱਢੀਆਂ। ਇਸ ਤੋਂ ਬਾਅਦ ਗਾਇਕ ਨੇ ਦੁਬਾਰਾ ਇੱਕ ਪੋਸਟ ਸਾਂਝੀ ਕੀਤੀ ਅਤੇ ਜਿਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਕੱਢੀਆਂ ਗਾਲ੍ਹਾਂ ਲਈ ਮੁਆਫ਼ੀ ਮੰਗੀ।
ਜੀ ਹਾਂ...ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਇੰਸਟਾਗ੍ਰਾਮ ਸਟੋਰੀ ਦੌਰਾਨ ਗਾਇਕ ਮਨਪ੍ਰੀਤ ਮੰਨਾ ਨੇ ਕਿਹਾ, 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ...ਮਨਪ੍ਰੀਤ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਲਈ ਵੀਡੀਓ ਬਣਾਈ ਸੀ, ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੋ, ਹੱਥ ਬੰਨ੍ਹ ਕੇ ਬੇਨਤੀ ਅਤੇ ਮੁਆਫ਼ੀ ਹੈ ਜੀ, ਜੇ ਕਿਤੇ ਗਲਤੀ ਕੀਤੀ ਹੈ ਤਾਂ ਅਸੀਂ ਮੰਨਣ ਲਈ ਤਿਆਰ ਹਾਂ, ਤੁਹਾਡੇ ਬੱਚਿਆਂ ਵਰਗੇ ਹਾਂ ਜੀ, ਪੂਰੀ ਸਿੱਖ ਕੌਮ ਤੋਂ ਸਿਰ ਝੁਕਾ ਕੇ ਨਿਮਰਤਾ ਨਾਲ ਮੁਆਫ਼ੀ ਮੰਗਦੇ ਹਾਂ ਜੀ, ਮੈਨੂੰ ਮੁਆਫ਼ ਕਰ ਦੇਵੋ।' ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਮੰਨਾ ਨੇ ਇੰਸਟਾਗ੍ਰਾਮ ਸਟੋਰੀ ਉਤੇ ਹੀ ਜਗਤਾਰ ਸਿੰਘ ਹਵਾਰਾ ਨੂੰ ਗਾਲ੍ਹਾਂ ਕੱਢੀਆਂ ਸਨ, ਜਿਸ ਕਾਰਨ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ।
![ਗਾਇਕ ਮਨਪ੍ਰੀਤ ਮੰਨਾ](https://etvbharatimages.akamaized.net/etvbharat/prod-images/08-02-2025/23500570_aa.jpeg)
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਮਨਪ੍ਰੀਤ ਮੰਨਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਸਟੋਰੀ ਪੋਸਟ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਨਪ੍ਰੀਤ ਮੰਨਾ ਡਿਪਰੈਸ਼ਨ ਵਿੱਚ ਹਨ ਅਤੇ ਲਿਖਿਆ ਗਿਆ, 'ਅਸੀਂ ਮਨਪ੍ਰੀਤ ਮੰਨਾ ਦੀ ਪ੍ਰਬੰਧਨ ਟੀਮ ਵੱਲੋਂ ਤੁਹਾਨੂੰ ਲਿਖ ਰਹੇ ਹਾਂ, ਮਨਪ੍ਰੀਤ ਮੰਨਾ ਕੁੱਝ ਦਿਨਾਂ ਤੋਂ ਕੁੱਝ ਨਿੱਜੀ ਇਸ਼ੂ ਕਰਕੇ ਬਹੁਤ ਗਲਤ ਪੋਸਟ ਅਤੇ ਕਾਫੀ ਗਲਤ ਬੋਲਿਆ ਹੈ, ਇਸ ਪੂਰੇ ਲਈ ਅਸੀਂ ਸਭ ਤੋਂ ਮੁਆਫ਼ੀ ਮੰਗਦੇ ਹਾਂ, ਪੂਰੀ ਸਿੱਖ ਸਮਾਜ ਤੋਂ ਅਤੇ ਜੱਥੇਦਾਰ ਸਾਹਿਬ ਤੋਂ ਵੀ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ, ਸਾਨੂੰ ਥੋੜ੍ਹਾਂ ਟਾਈਮ ਦੇਵੋ, ਜਿਵੇਂ ਮਨਪ੍ਰੀਤ ਮੰਨਾ ਠੀਕ ਹੁੰਦਾ ਉਹ ਆਪ ਸਭ ਤੋਂ ਮੁਆਫ਼ੀ ਮੰਗੇਗਾ।'
ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਮਨਪ੍ਰੀਤ ਮੰਨਾ ਨੇ ਇੰਸਟਾਗ੍ਰਾਮ ਉਤੇ ਲਾਈਵ ਆ ਕੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਦੀ ਜ਼ਿੰਮੇਵਾਰੀ ਵੀ ਲਈ ਸੀ। ਗਾਇਕ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਸੀ ਕਿ ਉਹਨਾਂ ਨੇ ਹੀ ਇਹ ਗੋਲੀਆਂ ਚਲਾਈਆਂ ਹਨ। ਇਸ ਤੋਂ ਇਲਾਵਾ ਗਾਇਕ ਮਨਪ੍ਰੀਤ ਮੰਨਾ ਆਏ ਦਿਨ ਇੰਸਟਾਗ੍ਰਾਮ ਉਤੇ ਅਜੀਬੋ ਗਰੀਬ ਪੋਸਟਾਂ ਸਾਂਝੀਆਂ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: