ਅੰਮ੍ਰਿਤਸਰ: ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਸੀਆਈਏ ਸਟਾਫ਼ ਦਾ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਾਜ਼ਮ ਦੀ ਪਛਾਣ ਐੱਲਆਰ/ਏਐੱਸਆਈ ਗੁਰਜੀਤ ਸਿੰਘ ਵਜੋਂ ਹੋਈ ਹੈ। ਇੰਸਪੈਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸ਼ਿਕਾਇਤਕਰਤਾ ਬੌਬੀ ਦੇ ਬਿਆਨ ’ਤੇ ਮੁਕੱਦਮਾ ਦਰਜ ਕਰਕੇ ਸੀਆਈਏ ਸਟਾਫ਼ ਦਾ ਨਕਲੀ ਕਰਮਚਾਰੀ ਬਣ ਕੇ ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਲਜ਼ਮ ਦੱਸ ਮਾਰਿਆ ਛਾਪਾ
ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ "ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ 01 ਫਰਵਰੀ ਨੂੰ ਸ਼ਾਮ 5 ਵਜੇ ਬੌਬੀ ਆਪਣੇ ਘਰ ’ਚ ਮੌਜੂਦ ਸੀ। ਬਾਹਰੋਂ ਦਰਵਾਜਾ ਖੜ੍ਹਕਾਉਣ ਦੀ ਅਵਾਜ਼ ਆਈ ਜਦੋਂ ਉਸ ਨੇ ਦਰਵਾਜਾ ਖੋਲ੍ਹਿਆ ਤਾਂ ਉਸ ਦੇ ਘਰ ਵਿੱਚ ਚਾਰ ਵਿਅਕਤੀ ਜ਼ਬਰਦਸਤੀ ਦਾਖਲ ਹੋ ਗਏ ਅਤੇ ਇੱਕ ਵਿਅਕਤੀ ਘਰ ਦੇ ਬਾਹਰ ਖੜ੍ਹਾ ਰਿਹਾ। ਜੋ ਵਿਅਕਤੀ ਘਰ ਦੇ ਅੰਦਰ ਦਾਖਲ ਹੋਏ ਉਨ੍ਹਾਂ ਨੇ ਬੌਬੀ ਨੂੰ ਕਿਹਾ ਕਿ ਉਹ ਪੁਲਿਸ ਮੁਲਾਜ਼ਮ ਹਨ ਅਤੇ ਘਰ ਦੀ ਤਲਾਸ਼ੀ ਲੈਣੀ ਲਈ ਆਏ ਹਨ। ਉਹ ਤਲਾਸ਼ੀ ਲੈਣ ਦਾ ਬਹਾਨਾ ਲਗਾ ਕੇ ਉਸ ਦੇ ਘਰੋਂ 1.65 ਲੱਖ ਰੁਪਏ ਲੈ ਫਰਾਰ ਹੋ ਗਏ"
ਡੀਸੀਪੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਵਿੱਚ ਆਈ ਅਤੇ ਬੌਬੀ ਦੇ ਘਰ ਚਲੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤਾਂ ਦੇਖਿਆ ਕਿ ਜੋ ਅਣਪਛਾਤੇ ਘਰ ਦੀ ਤਲਾਸ਼ੀ ਲੈਣ ਆਏ ਸਨ ਉਹ ਬੌਬੀ ਦੇ ਘਰੋਂ ਕੁੱਲ 1.65 ਲੱਖ ਰੁਪਏ ਲੈ ਕੇ ਚਲੇ ਜਾਂਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੌਬੇ ਦੇ ਘਰ ਵਿੱਚ ਦਾਖਲ ਹੋਣ ਵਾਲੇ 5 ਵਿਅਕਤੀਆਂ ’ਚੋਂ 2 ਪੁਲਿਸ ਮੁਲਜ਼ਮ ਹਨ, ਜਿਨ੍ਹਾਂ ਦੀ ਪਛਾਣ ਸੇਵਾਮੁਕਤ ਸੁਰਿੰਦਰ ਮੋਹਨ ਅਤੇ ਥਾਣੇਦਾਰ ਗੁਰਜੀਤ ਸਿੰਘ ਵਜੋਂ ਹੋਈ ਹੈ, ਬਾਕੀ ਤਿੰਨ ਹੋਰ ਵਿਅਕਤੀ ਵੀ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਲੈਣ ਤੋਂ ਬਾਅਦ ਅਣਪਛਾਤੇ ਵਿਅਕਤੀ ਬੌਬੀ ਤੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਲੱਗੇ ਅਤੇ ਜਾਂਦੇ ਸਮੇਂ ਉਸ ਦੀ ਜੇਬ ਵਿੱਚੋਂ ਜਬਰਦਸਤੀ 5 ਹਜ਼ਾਰ ਰੁਪਏ ਕੱਢਕੇ ਵੀ ਲੈ ਗਏ।
ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ’ਚ ਮੁਲਜ਼ਮ ਐੱਲਆਰ/ਏਐੱਸਆਈ ਗੁਰਜੀਤ ਸਿੰਘ ਨੂੰ 6 ਫਰਵਰੀ ਨੂੰ ਨਿਊ ਪ੍ਰਤਾਪ ਨਗਰ ਸਾਹਮਣੇ ਅਲਫਾ ਮਾਲ ਅੰਮ੍ਰਿਤਸਰ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।