ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਤੜਕਸਾਰ ਪੁਰਾਣੀ ਰੰਜਿਸ਼ ਨੂੰ ਲੈ ਕੁਝ ਨੌਜਵਾਨਾਂ ਵੱਲੋਂ ਇੱਕ ਘਰ 'ਤੇ ਹਮਲਾ ਕਰ ਦਿੱਤਾ ਗਿਆ। ਇਹ ਮਾਮਲਾ ਜੰਡਿਆਲਾ ਗੁਰੂ ਦੇ ਮੁਹੱਲਾ ਸੱਤ ਵਾਰਡ ਨਵੀਂ ਆਬਾਦੀ ਦਾ ਹੈ। ਇਸ ਮੁਹੱਲੇ ਵਿੱਚ ਦੋ ਗੁੱਟਾਂ ਦੇ ਵਿਚਕਾਰ ਤਿੰਨ ਮਹੀਨੇ ਪਹਿਲਾਂ ਵੀ ਗੋਲੀ ਚੱਲੀ ਸੀ।
ਇਸ ਦੌਰਾਨ ਨਗਰ ਕੌਂਸਲ ਜੰਡਿਆਲਾ ਦੇ ਵਾਰਡ ਨੰਬਰ ਅੱਠ-ਨੌ ਅਧੀਨ ਸਾਂਝੀ ਗਲੀ ਦੀ ਵਸਨੀਕ ਸ਼ਿਕਾਇਤ ਕਰਤਾ ਬਬਲੀ ਪਤਨੀ ਬੂਟਾ ਸਿੰਘ ਅਤੇ ਉਸ ਦੀ ਬੇਟੀ ਸੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਮੁਹੱਲੇ ਦੇ ਹੀ ਕਥਿਤ ਇੱਕ ਲੱਬੂ ਨਾਮ ਦੇ ਨੌਜਵਾਨ ਅਤੇ ਅਣਪਛਾਤੇ ਨੌਜਵਾਨਾਂ ਉੱਤੇ ਘਰ ਵਿੱਚ ਵੜ ਕੇ ਕੁੱਟਮਾਰ ਕਰਨ, ਦਰਵਾਜ਼ਾ ਭੰਨਣ ਦੇ ਇਲਜ਼ਾਮ ਲਗਾਏ ਸਨ।
'ਸਵੇਰੇ 4 ਵਜੇ ਦੇ ਕਰੀਬ ਕੀਤਾ ਹਮਲਾ'
ਇਸੇ ਦੌਰਾਨ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਰ ਵੱਲੋਂ ਸੀਮਾ ਨਾਮ ਦੀ ਲੜਕੀ ਨੇ ਕਿਹਾ ਕਿ ਸਵੇਰੇ 4 ਵਜੇ ਦੇ ਕਰੀਬ ਲੱਬੂ ਨਾਮ ਦਾ ਲੜਕਾ ਉਨ੍ਹਾਂ ਦੇ ਘਰ ਆਇਆ ਅਤੇ ਦਰਵਾਜਾ ਖੜਕਾਉਣ ਲੱਗਾ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਜੇਕਰ ਅੱਜ ਤੁਸੀਂ ਦਰਵਾਜਾ ਨਾ ਖੋਲ੍ਹਿਆ ਤਾਂ ਮੈਂ ਗੋਲੀਆਂ ਨਾਲ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗਾ। ਉਸ ਲੜਕੀ ਨੇ ਕਿਹਾ ਕਿ ਅਸੀਂ ਦਰਵਾਜਾ ਨਹੀਂ ਖੋਲ੍ਹਿਆ ਪਰ ਉਸ ਲੜਕੇ ਨੇ ਦਰਵਾਜਾ ਤੋੜ ਦਿੱਤਾ ਅਤੇ ਮੇਰੀ ਮਾਂ ਦੇ ਵੀ ਸੱਟਾਂ ਮਾਰੀਆਂ। ਉਸ ਨੇ ਅੱਗੇ ਕਿਹਾ ਜਦੋਂ ਉਸ ਨੇ ਮੇਰੀ ਮਾਂ ਨਾਲ ਕੁੱਟਮਾਰ ਕੀਤੀ, ਅਸੀਂ ਉਸੇ ਟਾਇਮ ਚੌਂਕੀ ਚਲੇ ਗਏ, ਜਿਸ ਤੋਂ ਬਾਅਦ ਉਸ ਲੜਕੇ ਨੇ ਇੱਥੇ ਫਾਇਰਿੰਗ ਵੀ ਕੀਤੀ ਅਤੇ ਸਾਡੇ ਘਰ ਦੀ ਭੰਨਤੋੜ ਵੀ ਕੀਤੀ।
'3 ਮਹੀਨੇ ਪਹਿਲਾਂ ਚੱਲੀਆਂ ਸੀ ਗੋਲੀਆਂ'
ਇਸ ਦੌਰਾਨ ਸੀਮਾ ਨੇ ਕਿਹਾ ਕਿ ਕੁਝ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਕੋਲ ਗੋਲੀਆਂ ਚੱਲੀਆਂ ਸੀ, ਜਿਸ ਕਰਕੇ ਪੁਲਿਸ ਪੁੱਛਗਿੱਛ ਕਰਦੀ ਹੋਈ ਉਨ੍ਹਾਂ ਦੇ ਘਰ ਆਈ। ਉਨਾਂ ਨੇ ਸੀਮਾ ਦੇ ਭਰਾ ਤੋਂ ਪੁੱਛਿਆ ਤਾਂ ਉਸ ਨੇ ਲੱਬੂ ਦਾ ਘਰ ਦੱਸ ਦਿੱਤਾ ਕਿ ਗੋਲੀ ਉਨ੍ਹਾਂ ਵੱਲੋਂ ਚਲਾਈ ਗਈ ਸੀ। ਉਸੇ ਰੰਜਿਸ਼ ਨੂੰ ਲੈ ਕੇ ਲੱਬੂ ਨੇ ਸਾਡੇ ਘਰ ਆ ਕੇ ਫਾਇਰਿੰਗ ਕਰ ਦਿੱਤੀ। ਪੀੜਤਾ ਨੇ ਕਿਹਾ ਕਿ ਲੱਬੂ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਪੁਲਿਸ ਕੋਲ ਸਾਡਾ ਨਾਮ ਕਿਉਂ ਲਿਆ ਹੈ। ਇਸ ਤੋਂ ਬਾਅਦ ਸੀਮਾ ਨਾ ਕਿਹਾ ਕਿ ਅਸੀਂ ਪੁਲਿਸ ਚੌਂਕੀ ਗਏ ਸੀ ਪਰ ਪੁਲਿਸ ਵਾਲਿਆਂ ਨੇ ਕਿਹਾ ਤੁਸੀਂ ਅਰਾਮ ਨਾਲ ਘਰ ਜਾਓ ਅਤੇ ਮੈਡੀਕਲ ਕਰਵਾਓ ਅਸੀਂ ਆਵਾਂਗੇ ਪਰ ਹੁਣ ਤੱਕ ਪੁਲਿਸ ਸਾਡੇ ਘਰ ਨਹੀਂ ਪਹੁੰਚੀ। ਇਸੇ ਦੌਰਾਨ ਸੀਮਾ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਲੱਬੂ ਨੇ ਅੱਜ ਸਾਡੇ ਘਰ 'ਤੇ ਫਾਇਰਿੰਗ ਕੀਤੀ ਹੈ, ਉਹ ਬਾਹਰ ਵੀ ਸਾਡੇ ਨਾਲ ਕੁਝ ਵੀ ਕਰ ਸਕਦਾ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਰਿਪੋਰਟ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਦੇ ਘਰ ਹਮਲਾ ਹੋਇਆ, ਜਿਸ ਨਾਲ ਉਸ ਮਹਿਲਾ ਦੇ ਹੱਥ ਅਤੇ ਲੱਤ 'ਤੇ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਘਰ 'ਤੇ ਹੋਈ ਗੋਲੀਬਾਰੀ ਬਾਰੇ ਪੁੱਛਣ 'ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ ਇਸ ਪਰਿਵਾਰ ਵੱਲੋਂ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਜੇਕਰ ਕੁਝ ਅਜਿਹਾ ਹੋਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।