ਅਣਪਛਾਤਿਆਂ ਵੱਲੋਂ ਨੌਜਵਾਨ 'ਤੇ ਕੀਤਾ ਹਮਲਾ (ETV BHARAT (ਪੱਤਰਕਾਰ, ਸੰਗਰੂਰ)) ਸੰਗਰੂਰ: ਪੁਲਿਸ ਵਲੋਂ ਬੇਸ਼ੱਕ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਸੰਗਰੂਰ ਦੇ ਵਿੱਚ ਲੜਾਈ-ਝਗੜੇ, ਲੁੱਟਾਂ-ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਜਿਸ 'ਚ ਕੋਈ ਨਾ ਕੋਈ ਲੁੱਟ ਖੋਹ ਜਾਂ ਕਤਲ ਵਰਗੀ ਵਾਰਦਾਤ ਕੀਤੀ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਭਾਵੇਂ ਲੱਖ ਦਾਅਵੇ ਕਰਦੇ ਰਹਿਣ ਕਿ ਸਾਡਾ ਕਰਾਈਮ ਦੇ ਉੱਤੇ ਕੰਟਰੋਲ ਹੈ ਪਰ ਕਿਤੇ ਨਾ ਕਿਤੇ ਉਹ ਦੋਵੇਂ ਅਸਫਲ ਹੁੰਦੇ ਨਜ਼ਰ ਆ ਰਹੇ ਹਨ।
ਅਣਪਛਾਤਿਆਂ ਵਲੋਂ ਦੁਕਾਨਦਾਰ 'ਤੇ ਹਮਲਾ: ਸੰਗਰੂਰ 'ਚ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵਪਾਰ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਸੰਗਰੂਰ ਦੇ ਭਵਾਨੀਗੜ੍ਹ ਨਾਭਾ ਰੋਡ 'ਤੇ ਇੱਕ ਨੌਜਵਾਨ ਜਦੋਂ ਘਰ ਜਾਣ ਲਈ ਦੁਕਾਨ ਬੰਦ ਕਰਨ ਲੱਗਦਾ ਹੈ ਤਾਂ ਇਕਦਮ ਇਕੱਠੇ ਹੋ ਕੇ ਆਏ ਅਣਪਛਾਤਿਆਂ ਵਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ ਤੇ ਭੰਨਤੋੜ ਵੀ ਕੀਤੀ ਗਈ।
ਕੈਸ਼ ਦੀ ਕੀਤੀ ਲੁੱਟ ਤੇ ਦੁਕਾਨਦਾਰ ਗੰਭੀਰ ਜ਼ਖ਼ਮੀ: ਇਸ ਦੇ ਨਾਲ ਹੀ ਹਮਲਾਵਰ ਪੈਸੇ ਵੀ ਲੁੱਟ ਕੇ ਆਪਣੇ ਨਾਲ ਲੈ ਗਏ। ਉਥੇ ਹੀ ਨੌਜਵਾਨ ਗੰਭੀਰ ਜ਼ਖ਼ਮੀ ਸੀ, ਜਿਸ ਨੂੰ ਕਿ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਇਹ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਘਟਨਾ ਸੀਸੀਟੀਵੀ 'ਚ ਹੋਈ ਕੈਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਕੰਡੇ ਦੇ ਮਾਲਕ ਨੇ ਦੱਸਿਆ ਕੀ ਮੇਰਾ ਬੇਟਾ ਧਰਮ ਕੰਡੇ ਤੋਂ ਤਕਰੀਬਨ ਸ਼ਾਮ ਨੂੰ ਵਾਪਸ ਘਰ ਪਰਤਣ ਦੀ ਤਿਆਰੀ ਦੇ ਵਿੱਚ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਉਸ 'ਤੇ ਹਮਲਾ ਕੀਤਾ ਗਿਆ ਅਤੇ ਕੈਸ਼ ਕਾਊਂਟਰ ਤੋਂ ਪੈਸੇ ਵੀ ਲੁੱਟ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਜਾਣਕਾਰੀ ਮਿਲਣ 'ਤੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਅਤੇ ਸਾਰੇ ਮਾਮਲੇ ਦੀ ਸੀਸੀਟੀਵੀ ਵੀ ਪੇਸ਼ ਕੀਤੀ।
ਪੁਲਿਸ ਨੇ ਆਖੀ ਜਾਂਚ ਦੀ ਗੱਲ: ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਭਵਾਨੀਗੜ੍ਹ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।