ਲੁਧਿਆਣਾ: ਜਗਜੀਤ ਸਿੰਘ ਡਲੇਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਹੈ। ਅੱਜ (ਵੀਰਵਾਰ) ਕਿਸਾਨ ਯੂਨੀਅਨ ਦੇ ਆਗੂ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਸੁਖਦੇਵ ਸਿੰਘ ਭੋਜਰਾਜ ਨੂੰ ਪੁਲਿਸ ਨੇ ਡੱਲੇਵਾਲ ਦੇ ਨਾਲ ਮਿਲਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਨਾਮੋਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਜੇਕਰ ਡੀਐਮਸੀ ਨੂੰ ਜੇਲ੍ਹ ਬਣਾਇਆ ਗਿਆ ਹੈ, ਤਾਂ ਜੇਲ੍ਹ ਵਿੱਚ ਵੀ ਮਿਲਣ ਦੀ ਇਜਾਜ਼ਤ ਹੁੰਦੀ ਹੈ। ਪਰ, ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਪੁਲਿਸ ਨੇ ਐਮਰਜੈਂਸੀ ਦੇ ਬਾਹਰ ਹੀ ਕਿਸਾਨ ਆਗੂਆਂ ਨੂੰ ਰੋਕਿਆ ਅਤੇ ਫਿਰ ਹਿਰਾਸਤ ਵਿੱਚ ਲਿਆ।
ਕੇਂਦਰ ਅਤੇ ਪੰਜਾਬ ਸਰਕਾਰ ਮਿਲੀਭੁਗਤ
ਕਿਸਾਨ ਆਗੂ ਵੱਲੋਂ ਡੀਐਮਸੀ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਉਨ੍ਹਾਂ ਨੂੰ ਹਟਾਉਂਦੀ ਹੋਈ ਵਿਖਾਈ ਦਿੱਤੀ। ਪੁਲਿਸ ਨੇ ਕਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ। ਇਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਅੱਜ ਕੋਈ ਇਕੱਲਾ ਆਇਆ ਹੈ ਜਾਂ ਇੱਕ ਦੋ ਜਣੇ ਆਏ ਹਨ, ਤਾਂ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿਸ ਅਧਿਕਾਰ ਨਾਲ ਉਨ੍ਹਾਂ ਨੂੰ ਇੱਥੋਂ ਅੰਦਰ ਜਾਣ ਲਈ ਰੋਕ ਰਹੀ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰੋਕਦੇ ਹੋਏ ਨਜ਼ਰ ਆਏ ਅਤੇ ਇਸ ਦੌਰਾਨ ਉਨ੍ਹਾਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲੀਭੁਗਤ ਨਾਲ ਇਹ ਸਭ ਕਰ ਰਹੀ ਹੈ।
ਕੀ ਹਨ ਕਿਸਾਨਾਂ ਦੀਆਂ ਮੰਗਾਂ?
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਐਮਐਸਪੀ ਸਾਰੀਆਂ ਫਸਲਾਂ 'ਤੇ ਲਾਗੂ ਕਰਨ ਇਸ ਤੋਂ ਇਲਾਵਾ ਮਜ਼ਦੂਰਾਂ ਦੀ ਦਿਹਾੜੀ ਵਧਾਉਣ, ਕਿਸਾਨਾਂ ਦੀਆਂ ਫਸਲਾਂ ਸਮੇਂ ਸਿਰ ਚੁੱਕਣ ਲਖੀਮਪੁਰ ਖੀਰੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤੀ ਜਾ ਰਹੀ ਕੀਟਨਾਸ਼ਕ ਦਵਾਈਆਂ ਪੂਰਨ ਮਾਤਰਾ ਦੇ ਵਿੱਚ ਮੁਹਈਆ ਕਰਵਾਉਣੀਆਂ ਅਤੇ ਹੋਰ ਕੁਝ ਮੰਗਾਂ ਹਨ। ਕੁੱਲ 12 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਉੱਤੇ ਮੋਰਚੇ ਨੂੰ ਪ੍ਰਭਾਵਿਤ ਕਰ ਰਹੀ ਹੈ। ਸੁਖਦੇਵ ਨੇ ਕਿਹਾ ਕਿ ਚਾਰ ਜਿਲ੍ਹਿਆਂ ਦੇ ਐਸਐਸਪੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਲਈ ਲਗਾਇਆ ਗਿਆ ਹੈ ਅਤੇ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ ਹੈ, ਪਰ ਕਿਸਾਨ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਮੋਰਚਾ ਜਾਰੀ ਰੱਖਾਂਗੇ।