ਅੰਮ੍ਰਿਤਸਰ: ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਬੰਬਨੁੰਮਾ ਚੀਜ਼ ਰੱਖਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵਿਦੇਸ਼ ਵਿੱਚ ਰਹਿ ਰਹੇ ਗੈਂਗਸਟਰ ਹੈਪੀ ਪਾਸ਼ੀਆ ਦੀ ਮਾਂ ਅਤੇ ਭੈਣ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਬੁੱਧਵਾਰ ਨੂੰ ਮਾਣਯੋਗ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਿਲ ਕੀਤਾ।
ਪਿੰਡ ਤੋਂ ਹੀ ਕੀਤੀ ਗ੍ਰਿਫਤਾਰੀ
ਫੜੇ ਗਏ ਮੁਲਜ਼ਮਾਂ ਦੀ ਪਛਾਣ ਮਾਂ ਭੁਪਿੰਦਰ ਕੌਰ ਅਤੇ ਉਸ ਦੀ ਬੇਟੀ ਕਿਰਨਦੀਪ ਕੌਰ ਨਿਵਾਸੀ ਪਾਸ਼ੀਆ ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਦੋਵਾਂ ਨੂੰ ਮੰਗਲਵਾਰ ਦੇਰ ਰਾਤ ਉਨ੍ਹਾਂ ਦੇ ਪਿੰਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਦੇ ਮੋਬਾਈਲ ਫੋਨ ਫੋਰੈਸਿੰਕ ਜਾਂਚ ਲਈ ਭੇਜ ਦਿੱਤੇ ਗਏ ਹਨ। ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਸਪੈਸ਼ਲ ਆਪਰੇਸ਼ਨ ਗਰੁੱਪ ਦੇ 15 ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਅਜਨਾਲਾ ਪੁਲਿਸ ਸਟੇਸ਼ਨ ਬਾਹਰ ਬੰਬ ਰੱਖਣ ਦੀ ਸੀਸੀਟੀਵੀ ਆਈ ਸੀ ਸਾਹਮਣੇ
ਹੁਣ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਪੁਲਿਸ ਸਟੇਸ਼ਨਾਂ ਦੇ ਬਾਹਰ ਚੌਕਸੀ ਵਧਾ ਦਿੱਤੀ ਗਈ ਹੈ। ਬੀਤੇ ਦਿਨ ਹੀ ਕੱਥੂਨੰਗਲ ਟੋਲ ਪਲਾਜ਼ਾ ਦੇ ਬਾਹਰ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਬੰਬ ਸਕੁਐਡ ਦੀਆਂ ਟੀਮਾਂ ਲਾ ਕੇ ਪੂਰੇ ਟੋਲ ਪਲਾਜ਼ੇ ਦੀ ਚੈਕਿੰਗ ਕੀਤੀ ਜਾ ਰਹੀ ਸੀ। ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਬੰਬ ਰੱਖਣ ਦੀ ਸੀਸੀਟੀਵੀ ਵੀਡੀਓ ਵੀ ਆਈ ਸੀ ਜਿਸ ਵਿੱਚ ਦੇਖਿਆ ਗਿਆ ਸੀ ਕਿ ਇੱਕ ਬਾਈਕ ਉੱਤੇ ਦੋ ਨੌਜਵਾਨ ਆਉਂਦੇ ਹਨ ਅਤੇ ਪੁਲਿਸ ਸਟੇਸ਼ਨ ਦੇ ਬਾਹਰ ਬੰਬਨੁੰਮਾ ਚੀਜ਼ ਰੱਖ ਕੇ ਚਲੇ ਜਾਂਦੇ ਹਨ।
ਇਸ ਤੋਂ ਪਹਿਲਾਂ, ਘਟਨਾ ਵਾਲੇ ਦਿਨ (24 ਨਵੰਬਰ) ਡੀਐਸਪੀ ਅਜਨਾਲਾ ਗੁਰਬਿੰਦਰ ਸਿੰਘ ਨੇ ਦੱਸਿਆ ਸੀ ਕਿ ਐਤਵਾਰ ਨੂੰ ਤੜਕਸਾਰ ਉਨ੍ਹਾਂ ਨੂੰ ਕਿਸੇ ਰਾਹੀਗਰ ਵੱਲੋਂ ਸੂਚਨਾ ਮਿਲੀ ਸੀ ਕਿ ਥਾਣਾ ਅਜਨਾਲਾ ਨੇੜੇ ਇੱਕ ਬੰਬ ਨੁਮਾ ਵਸਤੂ ਪਈ ਹੈ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਅਜਨਾਲਾ ਵੱਲੋਂ ਆਲਾ ਅਧਿਕਾਰੀਆਂ ਨੂੰ ਉਕਤ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੰਬ ਸਕੁਐਡ ਦਸਤਾ ਅਤੇ ਐਨਟੀ ਸਾਬੋਟੇਜ ਟੀਮਾਂ ਨੂੰ ਮੌਕੇ ਉੱਤੇ ਬੁਲਾਇਆ ਗਿਆ। ਜਿਸ ਤੋਂ ਬਾਅਦ ਬੰਬ ਸਕੂਐਡ ਦੀ ਟੀਮ ਵੱਲੋਂ ਉਕਤ ਵਸਤੂ ਨੂੰ ਚੁੱਕ ਕੇ ਟੈਸਟ ਦੇ ਲਈ ਲੈਬੋਟਰੀ ਦੇ ਵਿੱਚ ਭੇਜ ਦਿੱਤਾ ਗਿਆ ਸੀ।
ਅਜਨਾਲਾ ਪੁਲਿਸ ਸਟੇਸ਼ਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਬੀਤੇ ਸਾਲ ਵੀ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਮਰਥਕਾਂ ਦੇ ਵੱਲੋਂ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।