ਵਾਟਰ ਵਰਕਸ ਦੀ ਟੈਂਕੀ 'ਚ ਡੁੱਬਣ ਨਾਲ ਮੌਤ (ETV BHARAT) ਫ਼ਰੀਦਕੋਟ:ਜ਼ਿਲ੍ਹੇ ਦੇ ਪਿੰਡ ਰਾਜੋਵਾਲ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ਨਾਨਕੇ ਪਿੰਡ ਛੁੱਟੀਆਂ ਕੱਟਣ ਆਏ ਸਕੇ ਭੈਣ ਭਰਾ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ 'ਚ ਦੋਵੇਂ ਸਕੇ ਭੈਣ-ਭਰਾਵਾਂ ਦੀ ਜਾਨ ਚਲੀ ਗਈ। ਇਸ 'ਚ ਕਿਹਾ ਜਾ ਰਿਹਾ ਕਿ ਦੋਵੇਂ ਮਾਸੂਮ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਤਲਾਬ ਵਿੱਚ ਜਾ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਵਾਟਰ ਵਰਕਸ 'ਚ ਡੁੱਬਣ ਨਾਲ ਦੋ ਮੌਤਾਂ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਤੱਕ ਇਸ ਘਟਨਾ ਦਾ ਪਤਾ ਚੱਲਿਆ ਅਤੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਤਲਾਬ ਤੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਆਂਦਾ ਗਿਆ ਤਾਂ ਤੱਦ ਤੱਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ । ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੇ ਦਾ ਨਾਮ ਸੁਖਮਨ ਸਿੰਘ ਸੀ, ਜਿਸ ਦੀ ਉਮਰ 9 ਸਾਲ ਅਤੇ ਲੜਕੀ ਦਾ ਨਾਮ ਲਕਸ਼ਮੀ ਤੇ ਉਮਰ 6 ਸਾਲ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਦੋਵੇਂ ਸਕੇ ਭੈਣ ਭਰਾ ਸਨ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਕ ਹਰਿਹਾਰ ਦੇ ਰਹਿਣ ਵਾਲੇ ਸਨ ਅਤੇ ਆਪਣੇ ਨਾਨਕੇ ਪਿੰਡ ਰਾਜੋਵਾਲ ਆਏ ਹੋਏ ਸਨ।
ਆਪਣੇ ਨਾਨਕੇ ਪਿੰਡ ਆਏ ਸੀ ਮ੍ਰਿਤਕ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਬੱਚੇ ਆਪਣੇ ਨਾਨਕੇ ਪਿੰਡ ਰਹਿਣ ਲਈ ਆਏ ਹੋਏ ਸਨ ਤੇ ਸ਼ਾਮ ਸਮੇਂ ਘਰ ਤੋਂ ਖੇਡਣ ਲਈ ਬਾਹਰ ਗਏ ਸਨ ਪਰ ਅਚਾਨਕ ਉਹ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਟੈਂਕ 'ਚ ਜਾ ਡਿੱਗੇ। ਕੁਝ ਦੇਰ ਬਾਅਦ ਦੂਜੇ ਬੱਚਿਆਂ ਨੇ ਉਨ੍ਹਾਂ ਦੇ ਟੈਂਕ 'ਚ ਡਿੱਗਣ ਸਬੰਧੀ ਦੱਸਿਆ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦਾ ਉਹ ਤਲਾਅ ਪਹਿਲਾਂ ਖਾਲੀ ਹੁੰਦਾ ਸੀ ਤੇ ਬੱਚੇ ਉਥੇ ਖੇਡਦੇ ਹੁੰਦੇ ਸੀ ਪਰ ਸਰਕਾਰ ਦੀਆਂ ਹਦਾਇਤਾਂ ਦੇ ਚੱਲਦੇ ਵਾਟਰ ਵਰਕਸ ਨੂੰ ਭਰਿਆ ਗਿਆ ਸੀ ਤੇ ਇਹ ਭਾਣਾ ਵਾਪਰ ਗਿਆ।
ਮਰਨ ਵਾਲੇ ਦੋਵੇਂ ਸਕੇ ਭੈਣ ਭਰਾ
ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੇ ਸਰਕਾਰੀ ਵਾਟਰ ਵਰਕਸ 'ਚ ਡਿੱਗਣ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ 'ਚ ਉਹ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਅਨੁਸਾਰ ਬੱਚੇ ਆਪਣੇ ਨਾਨਕੇ ਪਿੰਡ ਆਏ ਹੋਏ ਸੀ ਤੇ ਉਥੇ ਖੇਡਣ ਦੌਰਾਨ ਇਹ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।