ਲੁਧਿਆਣਾ: ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬੀਤੇ ਦਿਨ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅਦਾਕਾਰ ਸੋਨੂੰ ਸੂਦ ਨੂੰ ਨੋਟਿਸ ਜਾਰੀ ਕਰ ਕੇ ਸੰਮਨ ਭੇਜਿਆ ਗਿਆ ਹੈ। ਦਰਅਸਲ, ਇਹ ਸੰਮਨ ਇੱਕ ਕੰਪਨੀ ਵੱਲੋਂ ਫਰੋਡ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਭੇਜਿਆ ਗਿਆ ਹੈ ਜਿਸ ਦੇ ਬ੍ਰਾਂਡ ਅੰਬੈਸਡਰ ਅਦਾਕਾਰ ਸੋਨੰ ਸੂਦ ਹਨ।
ਇਸ ਸਬੰਧੀ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਪੁਸ਼ਟੀ ਕੀਤੀ ਹੈ ਅਤੇ ਕੇਸ ਦੀ ਉਹ ਪੈਰਵੀ ਕਰ ਰਹੇ ਹਨ। ਮਾਮਲੇ ਦੀ ਅਗਲੀ ਸੁਣਵਾਈ 10 ਫ਼ਰਵਰੀ ਨੂੰ ਹੋਣੀ ਹੈ। ਇਸ ਸਬੰਧੀ ਸੋਨੂੰ ਸੂਦ ਨੂੰ ਕੋਰਟ ਵਿੱਚ ਗਵਾਹੀ ਦੇਣ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਬਕਾਇਦਾ ਸੰਮਨ ਜਾਰੀ ਕੀਤੇ ਗਏ ਹਨ, ਜੋ ਕਿ ਮੁੰਬਈ ਸਥਿਤ ਅਦਾਕਾਰ ਸੋਨੂੰ ਸੂਦ ਦੇ ਘਰ ਦੇ ਪਤੇ ਉੱਤੇ ਭੇਜੇ ਗਏ ਹਨ।
ਇਹ ਵਾਰੰਟ ਲੁਧਿਆਣਾ ਕੋਰਟ ਵਲੋਂ ਵਾਰੰਟ ਜਾਰੀ ਕੀਤੇ ਗਏ ਹਨ। ਹੁਣ 10 ਫ਼ਰਵਰੀ ਨੂੰ ਸੋਨੂੰ ਸੂਦ ਨੂੰ ਪੇਸ਼ ਹੋਣਾ ਪਵੇਗਾ। ਪੂਰਾ ਘਪਲਾ ਰੀਕੇਜਾ ਕੋਇਨ ਕੰਪਨੀ ਦੇ ਨਾਲ ਜੁੜਿਆ ਹੋਇਆ ਹੈ, ਜੋ ਪੈਸਾ ਲੈ ਕੇ ਟਾਲਮਟੋਲ ਕਰ ਰਹੇ ਹਨ। ਇਸ ਨੂੰ ਪ੍ਰਮੋਟ ਕਰਨ ਵਾਲੇ ਸੋਨੂੰ ਸੂਦ ਹਨ। ਜੇਕਰ ਸੋਨੂੰ ਸੂਦ ਕੋਰਟ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਅੰਧੇਰੀ ਸੀਪੀ ਮੁੰਬਈ ਨੂੰ ਇੱਥੇ ਆ ਕੇ ਜਵਾਬ ਦੇਣਾ ਪਵੇਗਾ ਕਿ ਸੋਨੂੰ ਸੂਦ ਕਿੱਥੇ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਕੀ ਕਾਰਨ ਹਨ। - ਰਾਜੇਸ਼ ਖੰਨਾ, ਵਕੀਲ
![Arrest Warrant Against Sonu Sood](https://etvbharatimages.akamaized.net/etvbharat/prod-images/07-02-2025/pb-ldh-01-sonu-sood-summon-visbyte-7205443_07022025083319_0702f_1738897399_1047.jpg)
ਰੀਕੇਜਾ ਕੋਇਨ ਕੰਪਨੀ ਘਪਲੇ ਨਾਲ ਜੁੜਿਆ ਮਾਮਲਾ
ਇਸ ਵਿੱਚ ਧੋਖਾਧੜੀ ਦਾ ਕੋਈ ਇੱਕ ਮਾਮਲਾ ਨਹੀਂ, ਸਗੋਂ ਵੱਖ-ਵੱਖ ਮਾਮਲੇ ਹਨ ਜਿਸ ਦੇ ਅਧਾਰ ਉੱਤੇ ਕੋਰਟ ਵਿੱਚ ਕੇਸ ਲਗਾਇਆ ਗਿਆ ਅਤੇ ਫਰੋਡ ਹੋਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਪੂਰਾ ਘਪਲਾ ਰੀਕੇਜਾ ਕੋਇਨ ਕੰਪਨੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੀ ਮੀਟਿੰਗ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿੱਚ ਹੋਈ ਸੀ, ਜਿੱਥੇ ਕਈ ਸਟਾਰ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿੱਚ ਸੋਨੂੰ ਸੂਦ ਨੂੰ ਇਸ ਕੰਪਨੀ ਵੱਲੋਂ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ।
'ਪੈਸੇ ਤਿਗਣੇ ਕਰਨ ਦੀ ਗੱਲ ਤੋਂ ਮੁਕਰੀ ਕੰਪਨੀ'
ਸ਼ਿਕਾਇਤ ਕਰਤਾ ਦੇ ਵਕੀਲ ਦੇ ਦੱਸਣ ਮੁਤਾਬਕ ਉਸੇ ਦੇ ਕਲਾਇੰਟ ਤੋਂ ਕੰਪਨੀ ਵੱਲੋਂ 12 ਹਜ਼ਾਰ, 500 ਡਾਲਰ ਦਾ ਨਿਵੇਸ਼ ਵੱਖ ਵੱਖ ਆਈਡੀ ਦੇ ਮਾਧਿਅਮ ਤੋਂ ਕਰਵਾਇਆ ਗਿਆ। ਇਸ ਦੀ ਕੀਮਤ ਲਗਭਗ 10 ਲੱਖ ਰੁਪਏ ਬਣਦੀ ਹੈ। ਇਹ ਵਾਕਿਆ ਸਾਲ 2021 ਦਾ ਹੈ। ਤਿੰਨ ਸਾਲਾਂ ਵਿੱਚ ਇਸ ਨੂੰ ਪੈਸੇ ਦੁਗਣੇ ਤਿਗਣੇ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਜਦੋਂ ਪੈਸੇ ਉਸ ਨੇ ਵਾਪਸ ਮੰਗੇ ਤਾਂ ਕੰਪਨੀ ਟਾਲਮਟੋਲ ਕਰਨ ਲੱਗੀ। ਇਸ ਦੀ ਸ਼ਿਕਾਇਤ ਉਸ ਨੇ ਪਹਿਲਾਂ ਪੁਲਿਸ ਨੂੰ ਕੀਤੀ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖਟਕਾਇਆ।