ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ (ETV BHARAT) ਮਾਨਸਾ:ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਪਾਕਿਸਤਾਨ ਵਿੱਚ ਵੀਡੀਓ ਕਾਲ ਰਾਹੀਂ ਅੰਡਰ ਵਰਲਡ ਦੇ ਗੈਂਗਸਟਰ ਨੂੰ ਈਦ ਦੀ ਵਧਾਈ ਦੇਣ ਦੀ ਵੀਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਰਹੀ ਪਰ ਸਟੇਟ ਸਰਕਾਰ ਇਸ ਦੀ ਕੰਪਲੇਂਟ ਕੇਂਦਰ ਸਰਕਾਰ ਅੱਗੇ ਵੀ ਨਹੀਂ ਕਰ ਰਹੀ ਤਾਂ ਕਿ ਲਾਰੈਂਸ ਬਿਸ਼ਨੋਈ 'ਤੇ ਕਾਰਵਾਈ ਕੀਤੀ ਜਾ ਸਕੇ।
ਪਾਕਿ ਗੈਂਗਸਟਰ ਨੂੰ ਈਦ ਦੀ ਵਧਾਈ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਜਿਸ ਦੇ ਚੱਲਦਿਆਂ ਤਾਜ਼ਾ ਮਿਸਾਲ ਫਿਰ ਸਾਹਮਣੇ ਆਈ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ 16 ਜੂਨ ਨੂੰ ਪਾਕਿਸਤਾਨ ਵਿੱਚ ਬੈਠੇ ਅੰਡਰ ਵਰਲਡ ਗੈਂਗਸਟਰ ਦੇ ਨਾਲ ਵੀਡੀਓ ਕਾਲ ਕਰਕੇ ਈਦ ਦੀ ਵਧਾਈ ਦਿੱਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇਹ ਮੁੱਦਾ ਕਈ ਵਾਰ ਚੋਣਾਂ ਵਿੱਚ ਵੀ ਉਠਾਇਆ ਸੀ ਕਿ ਕੇਂਦਰ ਅਤੇ ਰਾਜ ਦੋਵੇਂ ਇਸ ਮਾਮਲੇ ਵੱਲ ਧਿਆਨ ਨਹੀਂ ਦੇ ਰਹੇ। ਸੂਬਾ ਵੀ ਕਾਰਵਾਈ ਕਰ ਸਕਦਾ ਹੈ, ਘੱਟੋ-ਘੱਟ ਕੇਂਦਰ ਸਰਕਾਰ ਅੱਗੇ ਸ਼ਿਕਾਇਤ ਤਾਂ ਰੱਖ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਲਾਰੈਂਸ ਨੂੰ ਜੇਲ੍ਹ ਵਿੱਚ ਹੋਟਲ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਗੁਜਰਾਤ ਜੇਲ੍ਹ ਵਿੱਚ ਰੱਖਣ ਦਾ ਕੀ ਮਤਲਬ : ਉਨ੍ਹਾਂ ਕਿਹਾ ਕਿ ਹੁਣ ਇਹ ਸਾਫ ਹੋ ਗਿਆ ਹੈ ਕਿ ਉਸ ਦੀ ਵੀਡੀਓ 'ਤੇ ਪਾਕਿਸਤਾਨ ਦੇ ਵੱਡੇ ਲੋਕ ਜਾਂ ਵੱਡੇ ਅਪਰਾਧੀ ਹਨ, ਉਹ ਉਨ੍ਹਾਂ ਨਾਲ ਵੀ ਮਿਲੀਭੁਗਤ ਕਰ ਰਿਹਾ ਹੈ। ਉਨ੍ਹਾਂ ਨਾਲ ਸ਼ੁਰੂ ਤੋਂ ਹੀ ਸਾਰੀਆਂ ਢਿੱਲ-ਮੱਠਾਂ ਚੱਲ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਰਾਜ, ਕੋਈ ਵੀ ਸਾਡੇ ਵਿਚਾਰਾਂ ਵੱਲ ਧਿਆਨ ਦੇ ਰਿਹਾ ਹੈ। ਜਾਣਕਾਰੀ ਦੇਣ ਤੋਂ ਬਾਅਦ ਵੀ ਤੁਸੀਂ ਕੀ ਕਰੋਗੇ? ਉਹ ਇਸ ਬਾਰੇ ਸਭ ਕੁਝ ਜਾਣਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹੀ ਗੱਲ ਦੱਸੀ ਕਿ ਧਾਰਾ 268 ਲਗਾਉਣ ਅਤੇ ਉਨ੍ਹਾਂ ਨੂੰ ਗੁਜਰਾਤ ਜੇਲ੍ਹ ਵਿੱਚ ਰੱਖਣ ਦਾ ਕੀ ਮਤਲਬ ਹੈ। ਇਸਦਾ ਮਤਲਬ ਹੈ ਇਸਨੂੰ ਸੁਰੱਖਿਅਤ ਬਣਾਉਣਾ। ਪੰਜਾਬ ਵਿੱਚ ਇੰਨਾ ਅਪਰਾਧ ਕਰਨ ਤੋਂ ਬਾਅਦ ਉਹ ਗੁਜਰਾਤ ਦੀ ਜੇਲ੍ਹ ਵਿੱਚ ਬੈਠਾ ਹੈ।
ਜੇਲ੍ਹ ਤੋਂ ਹੀ ਮੰਗੀਆਂ ਜਾ ਰਹੀਆਂ ਫਿਰੌਤੀਆਂ: ਉਹਨਾਂ ਕਿਹਾ ਕਿ ਕੋਈ ਵੀ ਇਨਫੋਰਮੇਸ਼ਨ ਦੇ ਕੇ ਹੁਣ ਸਰਕਾਰ ਨੂੰ ਕੀ ਕਰਾਂਗੇ ਕਿਉਂਕਿ ਸਰਕਾਰ ਲਾਰੈਂਸ ਬਿਸ਼ਨੋਈ 'ਤੇ ਕੋਈ ਵੀ ਕਾਰਵਾਈ ਨਹੀਂ ਕਰਨਾ ਚਾਹੁੰਦੀ। ਉਹਨਾਂ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਸਰਕਾਰ ਦਾ ਪੂਰਾ ਸਮਰਥਨ ਹੈ ਇਸ ਲਈ ਜੇਲ੍ਹ ਦੇ ਵਿੱਚ ਬੈਠਾ ਹੀ ਵੀਡੀਓ ਕਾਲ ਰਾਹੀਂ ਗੱਲਬਾਤ ਵਿਦੇਸ਼ਾਂ ਦੇ ਵਿਚ ਕਰ ਰਿਹਾ ਹੈ ਅਤੇ ਲਗਾਤਾਰ ਦੇਸ਼ ਦੇ ਵਿੱਚੋਂ ਵੱਡੇ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬਿਨਾਂ ਵਜ੍ਹਾ ਤੋਂ ਇੰਨੇ ਵੱਡੇ ਦੋਸ਼ੀ ਵਿਅਕਤੀ ਨੂੰ ਪੰਜਾਬ ਦੇ ਵਿੱਚ ਕ੍ਰਾਈਮ ਕਰਨ ਤੋਂ ਬਾਅਦ ਵੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਸੇਫ ਲਿਜਾ ਕੇ ਬਿਠਾ ਦਿੱਤਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਹੋ ਰਹੀ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਸਰਕਾਰ ਦੀ ਪੂਰੀ ਸ਼ੈਅ ਹੈ।
ਇਹ ਹੈ ਸਾਰਾ ਮਸਲਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਦੀ 17 ਸੈਕਿੰਡ ਦੀ ਵੀਡੀਓ ਕਾਲ ਵਾਇਰਲ ਹੋਈ ਹੈ। ਇਸ 'ਚ ਉਹ ਪਾਕਿਸਤਾਨ ਦੇ ਬਦਨਾਮ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਲਾਰੈਂਸ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦੀ ਹੈ। ਲਾਰੈਂਸ ਇਸ ਸਮੇਂ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਪਿਛਲੇ ਸਾਲ ਸਤੰਬਰ 'ਚ ਤਿਹਾੜ ਤੋਂ ਇੱਥੇ ਸ਼ਿਫਟ ਕੀਤਾ ਗਿਆ ਸੀ।